ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੌਥੇ ਪੜਾਅ ਦੀ ਅਰਦਾਸ ਲਈ ਸ੍ਰੀ ਅਖੰਡ ਪਾਠ ਆਰੰਭ

1
100044
ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੌਥੇ ਪੜਾਅ ਦੀ ਅਰਦਾਸ ਲਈ ਸ੍ਰੀ ਅਖੰਡ ਪਾਠ ਆਰੰਭ

 

ਅਸਾਮ ਦੀ ਡਿਬਰੂਗੜ ਜੇਲ੍ਹ ’ਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ‘ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਚੌਥੇ ਪੜਾਅ ਦੀ ਅਰਦਾਸ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਵਿਖੇ 17 ਦਸੰਬਰ 2023 ਨੂੰ  9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਪਰੰਤ ਕੀਤੀ ਜਾਵੇਗੀ। ਤਖ਼ਤ ਸਾਹਿਬ ਵਿਖੇ ਇਸ ਬਾਬਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ।

ਇਸ ਮੌਕੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਖ਼ਾਲਸਾ ਵਹੀਰ ਸ਼ੁਰੂ ਕਰਦਿਆਂ ਨੌਜਵਾਨੀ ਨੂੰ ਧਰਮ ਨਾਲ ਜੋੜ ਕੇ ਨਸ਼ਿਆਂ ਦੇ ਕਲਚਰ ਵਿੱਚੋਂ  ਕੱਢਿਆ ਜਾ ਰਹਾ ਸੀ ਕਿ ਉਸ ’ਤੇ ਸਰਕਾਰ ਨੇ ਐਨ ਐਸ ਏ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ ਦੀ ਜੇਲ੍ਹ ਵਿੱਚ ਸਾਥੀਆਂ ਸਮੇਤ ਕੈਦ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹੁਣ ਵੀ ਪੁਲੀਸ ਪ੍ਰੇਸ਼ਾਨ ਕਰ ਰਹੀ ਹੈ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਅਰਦਾਸ ਸਮਾਗਮ ਦੌਰਾਨ ਕਈ ਦਿਨ ਉੱਥੇ ਸੇਵਾ ਕਰਨ ਵਾਲੇ ਕੁਲਵੰਤ ਸਿੰਘ ਬੁੱਟਰ ਨੂੰ ਪੁਲਿਸ ਵੱਲੋਂ ਚੁਕਲਿਆ ਗਿਆ ਅਤੇ ਉਸ ਦਾ ਚਾਰ ਦਿਨ ਪੁਲਿਸ ਰਿਮਾਂਡ ਲੈਣ ਦੀ ਉਹ ਅਤੇ ਸੰਗਤਾਂ ਨਿਖੇਧੀ ਕਰਦੀਆਂ ਹਨ। ਇਸ ਕਾਰਵਾਈ ਦਾ ਮਕਸਦ ਕੇਵਲ ਅਰਦਾਸ ਸਮਾਗਮਾਂ ਦੌਰਾਨ ਗੁਰੂ ਘਰਾਂ ਵਿੱਚ ਸੇਵਾ ਕਰਨ ਵਾਲੇ ਨੌਜਵਾਨ ਸਿੱਖਾਂ ਵਿੱਚ ਦਹਿਸ਼ਤ ਪਾ ਕੇ ਸਿੱਖਾਂ ਤੇ ਅਰਦਾਸ ਕਰਨ ਉਪਰ ਅਣ ਐਲਾਨੀ ਪਾਬੰਦੀ ਹੈ।

ਪੁਲਿਸ ਸੰਗਤਾਂ ਵਿੱਚ ਦਹਿਸ਼ਤ ਫੈਲਾਉਣ ਲਈ ਦਹਿਸ਼ਤਗਰਦੀ ਦਾ ਮਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸਿੱਖ ਨੌਜਵਾਨੀ ਨੂੰ ਧਰਮ ਨਾਲੋਂ ਤੋੜਨ ਦਾ ਹੈ ਤਾਂ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਸਿੱਖ ਨੌਜਵਾਨੀ ਨੂੰ ਰੋਕਿਆ ਜਾ ਸਕੇ ਹੈ । ਪਰ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਬੁਣੇ ਜਾਲ ਨੂੰ ਖ਼ਾਲਸਾ ਵਹੀਰ ਨੇ ਐਸਾ ਕੱਟਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਆਈ ਖੜੋਤ ਨੂੰ ਕਲਗ਼ੀਧਰ ਪਾਤਸ਼ਾਹ ਦੀ ਕਿਰਪਾ ਨਾਲ ਖ਼ਤਮ ਕਰ ਦਿੱਤਾ ਗਿਆ।

ਨੌਜਵਾਨੀ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੇ ਗਏ ਪ੍ਰੇਰਨਾ ਸਦਕਾ ਨੌਜਵਾਨ ਨਸ਼ੇ ਛੱਡ ਕੇ ਖ਼ਾਲਸਾ ਵਹੀਰ ਦਾ ਹਿੱਸਾ ਬਣੇ ਅਤੇ ਬਾਣੀ ਬਾਣੇ ਦੀ ਧਾਰਨੀ ਹੋਕੇ ਕਈ ਦਹਾਕਿਆਂ ਬਾਅਦ ਨੌਜਵਾਨੀ ਸਿੱਖੀ ਸਰੂਪ ਵਿੱਚ ਆਪਣੀ ਸ਼ਾਨ ਸਮਝਣ ਲੱਗੀ ਅਤੇ ਸਿੱਖ ਨੌਜਵਾਨਾਂ ਨੇ ਨਸ਼ਿਆਂ ਵਿੱਚ ਕੀਮਤੀ ਜਾਨਾਂ ਗਵਾਉਣ ਨਾਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਬਾਰੇ ਸੋਚਣਾ ਸ਼ੁਰੂ ਕੀਤਾ। ਜਿਸ ਤੋਂ ਘਬਰਾ ਕੇ ਸਰਕਾਰਾਂ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਆਰੰਭੀ ਖ਼ਾਲਸਾ ਵਹੀਰ ਨੂੰ ਰੋਕਣ ਲਈ ਅਜਨਾਲੇ ਵਾਲੇ ਕੇਸ ਦਾ ਬਹਾਨਾ ਬਣਾ ਕੇ ਅੰਦਰ ਕੀਤਾ ਗਿਆ।

ਪਰ ਤਸੱਲੀ ਦੀ ਗੱਲ ਇਹ ਹੈ ਕਿ ਅੱਜ ਵੀ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਅੰਮ੍ਰਿਤ ਸੰਚਾਰ ਦੀ ਲਹਿਰ ਨਿਰੰਤਰ ਜਾਰੀ ਹੈ। ਨੌਜਵਾਨ ਕਲਗ਼ੀਧਰ ਪਾਤਸ਼ਾਹ ਦੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜ ਤਖ਼ਤਾਂ ’ਤੇ ਅਰਦਾਸ ਸਮਾਗਮਾਂ ਦੀ ਲੜੀ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਰੀ ਗਿਣਤੀ ਵਿੱਚ ਸੰਗਤਾਂ ਅਰਦਾਸ ਸਮਾਗਮਾਂ ਵਿੱਚ ਹਿੱਸਾ ਲੈ ਰਹੀਆਂ ਹਨ।

ਤਖ਼ਤ ਪਟਨਾ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਲਈ ਦੇਸ਼ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ।  ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੇ ਨਾਲ ਸੁਰਿੰਦਰ ਸਿੰਘ ਕਿਸ਼ਨ ਪੁਰਾ ਅਤੇ ਬੰਦੀ ਸਿੰਘਾਂ ਦੇ ਕਈ ਪਰਿਵਾਰ ਮੌਜੂਦ ਸਨ। ਅਰਦਾਸ ਸਮਾਗਮ ਵਿਚ ਹਿੱਸਾ ਲੈਣ ਲਈ ਭਾਰੀ ਗਿਣਤੀ ਸੰਗਤਾਂ ਟਰੇਨ ਅਤੇ ਬੱਸਾਂ ਰਾਹੀਂ ਪਹੁੰਚ ਰਹੀਆਂ ਹਨ।

1 COMMENT

LEAVE A REPLY

Please enter your comment!
Please enter your name here