‘Pushpa-2’ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਸੰਧਿਆ ਥੀਏਟਰ ‘ਚ ਇੱਕ ਔਰਤ ਦੀ ਮੌਤ ਦੇ ਮਾਮਲੇ ‘ਚ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਪਰ ਹੁਣ ਇਸ ਮਾਮਲੇ ‘ਚ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਨਾਲ ਨਵਾਂ ਮੋੜ ਆ ਗਿਆ ਹੈ।
ਅੱਲੂ ਅਰਜੁਨ ਖਿਲਾਫ਼ ਕੇਸ ਹੋਵੇਗਾ ਵਾਪਸ ?
ਦੱਸ ਦਈਏ ਕਿ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ 2: ਦ ਰੂਲ’ ਦੇ ਪ੍ਰੀਮੀਅਰ ਦੌਰਾਨ ਇਕ ਔਰਤ ਦੀ ਮੌਤ ਦੇ ਮਾਮਲੇ ‘ਚ ਅਭਿਨੇਤਾ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮ੍ਰਿਤਕ ਰੇਵਤੀ ਦੇ ਪਤੀ ਭਾਸਕਰ ਦਾ ਕਹਿਣਾ ਹੈ, “ਮੈਂ ਕੇਸ ਵਾਪਸ ਲੈਣ ਲਈ ਤਿਆਰ ਹਾਂ। ਮੈਨੂੰ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਸੀ। ਅੱਲੂ ਅਰਜੁਨ ਦਾ ਉਸ ਭਗਦੜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ‘ਚ ਮੇਰੀ ਪਤਨੀ ਦੀ ਮੌਤ ਹੋ ਗਈ ਸੀ।”
ਸਾਊਥ ਐਕਟਰ ਅੱਲੂ ਅਰਜੁਨ ਨੂੰ 14 ਦਿਨਾਂ ਦੀ ਜੇਲ ਹੋਈ ਹੈ। ਪੁਸ਼ਪਾ 2 ਦੇ ਪ੍ਰੀਮੀਅਰ ਮੌਕੇ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹੈਦਰਾਬਾਦ ਪੁਲਿਸ ਨੇ ਸ਼ੁੱਕਰਵਾਰ (13 ਦਸੰਬਰ) ਨੂੰ ਅਦਾਕਾਰ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਮੈਡੀਕਲ ਜਾਂਚ ਤੋਂ ਬਾਅਦ ਪੁਲਿਸ ਨੇ ਅੱਲੂ ਅਰਜੁਨ ਨੂੰ ਸ਼ਾਮ ਨੂੰ ਅਦਾਲਤ ‘ਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।
ਜਾਣੋ ਪੂਰਾ ਮਾਮਲਾ
ਅਭਿਨੇਤਾ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਉਸ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਇੱਕ ਪੁਲਿਸ ਵਾਹਨ ਵਿੱਚ ਚਿੱਕੜਪੱਲੀ ਥਾਣੇ ਲਿਜਾਇਆ ਗਿਆ। ਦਰਅਸਲ, 4 ਦਸੰਬਰ ਦੀ ਰਾਤ ਨੂੰ ਅਦਾਕਾਰ ਦੀ ਇੱਕ ਝਲਕ ਪਾਉਣ ਲਈ ਸੰਧਿਆ ਥੀਏਟਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਇਕੱਠੇ ਹੋਏ ਸਨ। ਭਗਦੜ ਦੌਰਾਨ 35 ਸਾਲਾ ਰੇਵਤੀ ਨਾਂ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਅੱਠ ਸਾਲਾ ਪੁੱਤਰ ਜ਼ਖਮੀ ਹੋ ਗਿਆ।
11 ਦਸੰਬਰ ਨੂੰ, ਅੱਲੂ ਅਰਜੁਨ ਨੇ ਤੇਲੰਗਾਨਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ ਅਤੇ ਔਰਤ ਦੀ ਮੌਤ ਦੇ ਸਬੰਧ ਵਿੱਚ ਉਸਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। ਰਸਮੀ ਗ੍ਰਿਫ਼ਤਾਰੀ ਤੋਂ ਬਾਅਦ ਅੱਲੂ ਅਰਜੁਨ ਨੂੰ ਮੈਡੀਕਲ ਜਾਂਚ ਲਈ ਗਾਂਧੀ ਹਸਪਤਾਲ ਲਿਜਾਇਆ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹੈਦਰਾਬਾਦ ਦੇ ਵਧੀਕ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਵਿਕਰਮ ਸਿੰਘ ਮਾਨ ਨੇ ਕਿਹਾ, “ਅਸੀਂ ਇਸ ਪ੍ਰਕਿਰਿਆ ਦਾ ਪਾਲਣ ਕਰ ਰਹੇ ਹਾਂ।” ਅਲੂ ਅਰਜੁਨ ਨੇ ਪਿਛਲੇ ਹਫ਼ਤੇ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਇਕੱਲੇ ਨਹੀਂ ਹਨ ਅਤੇ ਉਹ ਨਿੱਜੀ ਤੌਰ ‘ਤੇ ਪਰਿਵਾਰ ਨੂੰ ਮਿਲਣਗੇ। ਇਸ ਤੋਂ ਪਹਿਲਾਂ ਅੱਲੂ ਅਰਜੁਨ ਦੀ ਫਿਲਮ ਦੇ ‘ਪ੍ਰੀਮੀਅਰ ਸ਼ੋਅ’ ਦੌਰਾਨ ਭੀੜ ‘ਚ ਧੱਕਾ ਵੱਜਣ ਅਤੇ ਦਮ ਘੁੱਟਣ ਕਾਰਨ ਔਰਤ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।