ਕਰਤਾਰਪੁਰ ਲਾਂਘੇ ਨੇ ਇੱਕ ਹੋਰ ਭੈਣ ਨੂੰ ਭਰਾ ਨਾਲ ਮਿਲਵਾਇਆ, 76 ਸਾਲ ਬਾਅਦ ਮਿਲੇ ਇਸਮਾਇਲ ਤੇ ਸੁਰਿੰਦਰ ਕੌਰ

0
100026
ਕਰਤਾਰਪੁਰ ਲਾਂਘੇ ਨੇ ਇੱਕ ਹੋਰ ਭੈਣ ਨੂੰ ਭਰਾ ਨਾਲ ਮਿਲਵਾਇਆ, 76 ਸਾਲ ਬਾਅਦ ਮਿਲੇ ਇਸਮਾਇਲ ਤੇ ਸੁਰਿੰਦਰ ਕੌਰ

ਕਰਤਾਰਪੁਰ ਲਾਂਘੇ ਨੇ ਇੱਕ ਹੋਰ ਭੈਣ ਤੇ ਭਰਾ ਨੂੰ ਮਿਲਵਾਇਆ ਹੈ। ਭਾਰਤ ਦੀ ਵੰਡ ਦੌਰਾਨ 76 ਸਾਲ ਪਹਿਲਾਂ ਵਿਛੜੇ ਭੈਣ-ਭਰਾ ਐਤਵਾਰ ਨੂੰ ਕਰਤਾਰਪੁਰ ਲਾਂਘੇ ‘ਤੇ ਮਿਲਣ ਤੋਂ ਬਾਅਦ ਭਾਵੁਕ ਹੋ ਗਏ। ਪਾਕਿਸਤਾਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਜਿਹਾ ਸਿਰਫ ਸੋਸ਼ਲ ਮੀਡੀਆ ਰਾਹੀਂ ਹੀ ਸੰਭਵ ਹੋਇਆ ਹੈ। ਮੁਹੰਮਦ ਇਸਮਾਈਲ ਤੇ ਉਸ ਦੀ ਭੈਣ ਸੁਰਿੰਦਰ ਕੌਰ ਦੀ ਉਮਰ ਇਸ ਸਮੇਂ 80 ਸਾਲ ਦੇ ਕਰੀਬ ਹੈ। ਦੋਵੇਂ ਐਤਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ 76 ਸਾਲ ਬਾਅਦ ਉਨ੍ਹਾਂ ਦੀ ਮੁਲਾਕਾਤ ਹੋਈ।

ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਨੇ ਚਚੇਰੇ ਭੈਣ-ਭਰਾ ਦੇ ਮੁੜ ਮਿਲਾਪ ਦੀ ਸਹੂਲਤ ਦਿੱਤੀ ਤੇ ਉਨ੍ਹਾਂ ਨੂੰ ਮਠਿਆਈਆਂ ਤੇ ਲੰਗਰ ਵੀ ਵੰਡਿਆ। ਇਸਮਾਈਲ ਲਾਹੌਰ ਤੋਂ ਲਗਪਗ 200 ਕਿਲੋਮੀਟਰ ਦੂਰ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਸੁਰਿੰਦਰ ਕੌਰ ਜਲੰਧਰ, ਭਾਰਤ ਵਿੱਚ ਰਹਿੰਦੀ ਹੈ। ਇਸਮਾਈਲ ਤੇ ਸੁਰਿੰਦਰ ਕੌਰ ਦੇ ਪਰਿਵਾਰ ਵੰਡ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਰਹਿ ਰਹੇ ਸਨ।

ਇਸਮਾਈਲ ਦੀ ਕਹਾਣੀ ਇੱਕ ਪਾਕਿਸਤਾਨੀ ਯੂਟਿਊਬ ਚੈਨਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਤੋਂ ਸਰਦਾਰ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਬਾਰੇ ਦੱਸਿਆ। ਮਿਸ਼ਨ ਸਿੰਘ ਨੇ ਇਸਮਾਈਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਭੈਣਾਂ-ਭਰਾਵਾਂ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮਿਲਣ ਦਾ ਫੈਸਲਾ ਕੀਤਾ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਸੀ। ਦੁਨੀਆਂ ਭਰ ਵਿੱਚ ਵਸਦੇ ਸਿੱਖ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਗੁਰਦੁਆਰਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਬਣੇ ਚਾਰ ਕਿਲੋਮੀਟਰ ਲੰਬੇ ਗਲਿਆਰੇ ਰਾਹੀਂ ਜੁੜਿਆ ਹੋਇਆ ਹੈ। ਸ਼ਰਧਾਲੂ ਇਸ ਗਲਿਆਰੇ ਰਾਹੀਂ ਬਿਨਾਂ ਵੀਜ਼ਾ ਦੇ ਆ ਸਕਦੇ ਹਨ। ਹਾਲਾਂਕਿ, ਉਨ੍ਹਾਂ ਲਈ ਪਾਸਪੋਰਟ ਦਿਖਾਉਣਾ ਲਾਜ਼ਮੀ ਹੈ।

LEAVE A REPLY

Please enter your comment!
Please enter your name here