ਹਾਸਲ ਜਾਣਕਾਰੀ ਮੁਤਾਬਕ ਖਾਲਿਸਤਾਨ ਦੇ ਸਮਰਥਨ ਲਈ ਅਗਲੇ ਮਹੀਨੇ ਕੈਨੇਡਾ ਵਿੱਚ ਹੋਣ ਵਾਲੀ ਰਾਇਸ਼ੁਮਾਰੀ ਦੇ ਦੂਜੇ ਪੜਾਅ ਵਿੱਚ ਹੁਣ ਵੋਟਰਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਜੂਨ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਮੌਤ ਲਈ ਭਾਰਤੀ ਹਾਈ ਕਮਿਸ਼ਨਰ ਜ਼ਿੰਮੇਵਾਰ ਸੀ ਜਾਂ ਨਹੀਂ।
ਵੈਨਕੂਵਰ ਸਨ ਅਖਬਾਰ ਦੀ ਰਿਪੋਰਟ ਅਨੁਸਾਰ ਗੈਰਕਾਨੂੰਨੀ ਕੱਟੜਪੰਥੀ ਸਮੂਹ ਸਿੱਖਸ ਫਾਰ ਜਸਟਿਸ (ਐਸਐਫਜੇ), ਜਿਸ ਨੇ ਸਰੀ ਵਿੱਚ 10 ਸਤੰਬਰ ਨੂੰ ਅਣਅਧਿਕਾਰਤ ਰਾਇਸ਼ੁਮਾਰੀ ਦਾ ਪਹਿਲਾ ਪੜਾਅ ਕਰਵਾਇਆ ਸੀ, ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਬੈਲੇਟ ਵਿੱਚ ਸਵਾਲ ਸ਼ਾਮਲ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ 29 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਇਹ ਪੁੱਛੇਗੀ ਕਿ ਕੀ ਹਾਈ ਕਮਿਸ਼ਨਰ ਸੰਜੇ ਵਰਮਾ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਕਤਲ ਲਈ ਜ਼ਿੰਮੇਵਾਰ ਹੈ ਜਾਂ ਨਹੀਂ। ਐਸਐਫਜੇ ਨੇ ਕਿਹਾ ਕਿ ਇਸ ਮਹੀਨੇ ਦੀ ਰਾਇਸ਼ੁਮਾਰੀ ਵਿੱਚ 135,000 ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ।
ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਦਾਅਵਾ ਕਰਨ ਮਗਰੋਂ ਦੁਨੀਆ ਭਰ ਵਿੱਚ ਹਲਚਲ ਮੱਚ ਗਈ ਹੈ। ਉਧਰ, ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨੂੰ ਸਖਤ ਜਵਾਬ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕਾ ਤੇ ਪ੍ਰੇਰਿਤ ਕਰਾਰ ਦਿੱਤਾ ਹੈ।
ਭਾਰਤ ਨੇ ਕਿਹਾ ਹੈ ਕਿ ਅਜਿਹੇ ਦੋਸ਼ ਸਿਰਫ ਉਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣ ਲਈ ਹਨ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਸ਼ਰਨ ਦਿੱਤੀ ਗਈ ਹੈ ਤੇ ਜੋ ਭਾਰਤ ਦੀ ਖੇਤਰੀ ਏਕਤਾ ਤੇ ਅਖੰਡਤਾ ਲਈ ਲਗਾਤਾਰ ਖਤਰਾ ਬਣੇ ਹੋਏ ਹਨ।