Debate with CM Mann: ਅੱਜ ਦਾ ਦਿਨ ਯਾਨੀ 1 ਨਵੰਬਰ ਪੰਜਾਬ ਦਿਵਸ ਹੈ। ਅਤੇ ਅੱਜ ਦੇ ਦਿਨ ਮਹਾ ਡਿਬੇਟ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦਾ ਦਿੱਤਾ ਗਿਆ ਹੈ। ਹਲਾਂਕਿ ਵਿਰੋਧੀ ਧਿਰਾਂ ਜਿਹਨਾਂ ਨੂੰ ਖੁਲ੍ਹੀ ਬਹਿਸ ਦਾ ਸੱਦਾ ਦਿੱਤਾ ਗਿਆ ਉਹ ਸਰਕਾਰ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਬੀਤੀ ਰਾਤ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।
ਇੱਕ ਟਵੀਟ ‘ਚ ਉਹਨਾਂ ਨੇ ਲਿਖਿਆ ਕਿ – ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਬਹੁਚਰਚਿਤ ਬਹਿਸ ਤੋਂ ਇੱਕ ਰਾਤ ਪਹਿਲਾਂ, ਪੰਜਾਬ ਪੁਲਿਸ ਨੇ ਉਹਨਾਂ ਕਾਰਕੁਨਾਂ ਦੇ ਘਰਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਪ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਉਠਾਉਣਗੇ।
ਕੁਝ ਰਿਪੋਰਟਾਂ ਅਨੁਸਾਰ ਸਿੱਪੀ ਸ਼ਰਮਾ ਸਮੇਤ ਕੁਝ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਭਗਵੰਤ ਮਾਨ ਤੁਹਾਨੂੰ ਡਰ ਕੀ ਹੈ ਜੇਕਰ ਤੁਸੀਂ ਕੁਝ ਗਲਤ ਨਹੀਂ ਕੀਤਾ ਹੈ? ਤੁਸੀਂ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਕਿਉਂ ਦਬਾ ਰਹੇ ਹੋ?
ਦਰਅਸਲ ਡਿਬੇਟ ਪੀਏਯੂ ਲੁਧਿਆਣਾ ਵਿੱਚ ਹੋਣ ਜਾ ਰਹੀ ਹੈ। ਜੋ ਜਾਣਕਾਰੀ ਮਿਲੀ ਹੈ ਕਿ ਪੀਏਯੂ ਵਿੱਚ 2 ਹਜ਼ਾਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। 7 ਲੇਅਰ ‘ਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲੀਸ ਨੇ ਧਰਨੇ ਅਤੇ ਰੋਸ ਮੁਜ਼ਾਹਰੇ ਕਰਨ ਵਾਲਿਆਂ ਦੀ ਸੂਚੀ ਵੀ ਬਣਾ ਲਈ ਹੈ। ਸ਼ਹਿਰ ‘ਚ ਕਰੀਬ 30 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ, ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ।