ਖੰਨਾ ‘ਚ ਹਨੀ ਟ੍ਰੈਪ ਗੈਂਗ ਦਾ ਪਰਦਾਫਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਸੇਵਾਮੁਕਤ ਅਧਿਆਪਕ ਦੀ ਅਸ਼ਲੀਲ ਵੀਡੀਓ ਬਣਾ ਕੇ ਜ਼ਬਰਦਸਤੀ 3 ਲੱਖ ਰੁਪਏ ਵਸੂਲੇ ਗਏ। ਸੇਵਾਮੁਕਤ ਅਧਿਆਪਕ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗੈਂਗ ਦੀ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦਾ ਇੱਕ ਸਾਥੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਬਾਕੀ ਦੋ ਫਰਾਰ ਹਨ।
>ਇਸ ਗਿਰੋਹ ਨੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਹੈਡੋਂ ਬੇਟ ਦੇ ਰਹਿਣ ਵਾਲੇ ਸੇਵਾਮੁਕਤ ਅਧਿਆਪਕ ਨੂੰ ਆਪਣਾ ਨਿਸ਼ਾਨਾ ਬਣਾਇਆ, ਉਸ ਕੋਲੋਂ 2 ਲੱਖ 99 ਹਜਾਰ ਰੁਪਏ ਵਸੂਲੇ।
ਇਸ ਸਬੰਧੀ ਥਾਣਾ ਸਿਟੀ ਵਿੱਚ ਗੁਰਵਿੰਦਰ ਸਿੰਘ ਵਾਸੀ ਗੋਦਾਮ ਰੋਡ ਖੰਨਾ, ਉਸ ਦੀ ਪਤਨੀ ਰਾਜਵਿੰਦਰ ਕੌਰ, ਕਿਰਨਦੀਪ ਕੌਰ ਅਤੇ ਸਤਨਾਮ ਸਿੰਘ ਸੱਤਾ ਵਾਸੀ ਕਰਤਾਰ ਨਗਰ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਰਾਜਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਰਾਜਵਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਖ਼ਿਲਾਫ਼ ਹਨੀ ਟਰੈਪ ਦੇ ਦੋਸ਼ ਵਿੱਚ ਪਹਿਲਾਂ ਹੀ ਕੇਸ ਦਰਜ ਹੈ।