ਖੰਨਾ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਯਾਤਰੀ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ ਅਤੇ ਰੇਲਗੱਡੀ ਯਾਤਰੀ ਨੂੰ ਕਰੀਬ 1 ਕਿਲੋਮੀਟਰ ਤੱਕ ਘਸੀਟਦੀ ਲੈ ਗਈ।
ਇਸ ਦੌਰਾਨ ਉਹ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਦਰਭੰਗਾ ਦੇ ਰਹਿਣ ਵਾਲੇ ਯੋਗੇਂਦਰ ਯਾਦਵ ਵਜੋਂ ਹੋਈ। ਯੋਗੇਂਦਰ ਇੱਥੇ ਸਲਾਣਾ ਪਿੰਡ ਵਿਖੇ ਕੰਮ ਕਰਦਾ ਸੀ।
ਉਹ ਛਠ ਪੂਜਾ ‘ਤੇ ਆਪਣੇ ਪਿੰਡ ਜਾ ਰਿਹਾ ਸੀ। ਯੋਗੇਂਦਰ ਨੇ ਖੰਨਾ ਸਟੇਸ਼ਨ ਤੋਂ ਸ਼ਹੀਦ ਐਕਸਪ੍ਰੈਸ ਟਰੇਨ ਫੜਨੀ ਸੀ, ਰੇਲ ਲੇਟ ਸੀ ਅਤੇ ਸਟੇਸ਼ਨ ‘ਤੇ ਕਾਫੀ ਭੀੜ ਸੀ। ਦੱਸ ਦਈਏ ਕਿ ਜਿਵੇਂ ਹੀ ਸ਼ਾਮ ਕਰੀਬ 6:30 ਵਜੇ ਰੇਲਗੱਡੀ ਪੁੱਜੀ ਤਾਂ ਯਾਤਰੀ ਤੁਰੰਤ ਰੇਲਗੱਡੀ ਵਿੱਚ ਚੜ੍ਹਨ ਲਈ ਭੱਜਣ ਲੱਗੇ, ਭੀੜ ਹੋਣ ਕਰਕੇ ਕੁਝ ਯਾਤਰੀ ਰੇਲ ‘ਚ ਚੜ੍ਹ ਗਏ ਅਤੇ ਕੁਝ ਚੜ੍ਹ ਨਹੀਂ ਸਕੇ।
ਇਸ ਦੌਰਾਨ ਰੇਲਗੱਡੀ ਚੱਲ ਪਈ। ਗੱਡੀ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਯੋਗੇਂਦਰ ਦਾ ਪੈਰ ਫਿਸਲ ਗਿਆ। ਉਹ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਜਦੋਂ ਤੱਕ ਗਾਰਡ ਨੇ ਗੱਡੀ ਰੋਕੀ ਉਦੋਂ ਤੱਕ ਗੱਡੀ ਯੋਗੇਂਦਰ ਨੂੰ ਘਸੀਟ ਕੇ ਇੱਕ ਕਿਲੋਮੀਟਰ ਤੱਕ ਲੈ ਗਈ ਸੀ। ਯੋਗੇਂਦਰ ਦਾ ਅੱਧਾ ਸਰੀਰ ਖਤਮ ਹੋ ਗਿਆ ਸੀ ਅਤੇ ਉਪਰਲਾ ਹਿੱਸਾ ਰਹਿ ਗਿਆ ਸੀ। ਕੁਝ ਸਾਹ ਚੱਲ ਰਹੇ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।