ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਇਲਾਕੇ ‘ਚ ਪੈਂਦੇ ਪਿੰਡ ਮੁਸਤਫ਼ਾਬਾਦ ‘ਚ ਚਾਕਲੇਟ ਖਾਣ ਨਾਲ ਤਿੰਨ ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਨੇ ਦੱਸਿਆ ਕਿ ਬੱਚੇ ਦੀ ਮੌਤ ਚਾਕਲੇਟ ਖਾਣ ਕਰਕੇ ਹੋਈ ਹੈ। ਫ਼ਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਹੈ ਤਾਂ ਜੋ ਅਸਲ ਕਾਰਨ ਸਾਹਮਣੇ ਆ ਸਕੇ।
ਖੇੜੀ ਨੌਧ ਸਿੰਘ ਦੇ ਪਿੰਡ ਮੁਸਤਫ਼ਾਬਾਦ ਵਾਸੀ ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ ਸਾਲਾ ਪੋਤਾ ਫਤਿਹ ਸਿੰਘ ਮੰਗਲਵਾਰ ਨੂੰ ਪਿੰਡ ਦੀ ਦੁਕਾਨ ਤੋਂ ਚਾਕਲੇਟ ਖਰੀਦਣ ਗਿਆ ਸੀ। ਇਸ ਚਾਕਲੇਟ ਨੂੰ ਖਾਣ ਤੋਂ ਕੁਝ ਸਮੇਂ ਬਾਅਦ ਬੱਚੇ ਦਾ ਸਰੀਰ ਨੀਲਾ ਹੋਣ ਲੱਗ ਪਿਆ। ਉਹ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ। ਉਥੋਂ ਉਸ ਨੂੰ ਫਤਹਿਗੜ੍ਹ ਸਾਹਿਬ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੁਖੀ ਦਾਦਾ ਸਰਵਣ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੋਤਾ ਵਾਪਸ ਨਹੀਂ ਆ ਸਕਦਾ ਪਰ ਉਨ੍ਹਾਂ ਨੇ ਹੋਰ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਕਲੇਟ ਜਾਂ ਹੋਰ ਗੈਰ-ਸਿਹਤਮੰਦ ਚੀਜ਼ਾਂ ਨਾ ਖਾਣ ਨੂੰ ਦੇਣ। ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਚਾਕਲੇਟ ਵਿੱਚ ਕੀ ਸੀ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ।
ਦੱਸ ਦਈਏ ਕਿ ਫਤਿਹ ਸਿੰਘ ਦੇ ਪਿਤਾ ਮਲੇਸ਼ੀਆ ਗਏ ਹੋਏ ਹਨ, ਉਹ ਵਿਦੇਸ਼ ਤੋਂ ਵਾਪਸ ਆਉਣਗੇ ਜਿਸ ਤੋਂ ਬਾਅਦ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿਤਾ ਮੰਗਲਵਾਰ ਰਾਤ ਤੱਕ ਪਿੰਡ ਆ ਜਾਣਗੇ। ਬੁੱਧਵਾਰ ਨੂੰ ਬੱਚੇ ਦਾ ਸੰਸਕਾਰ ਕੀਤਾ ਜਾਵੇਗਾ।