ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਅਫ਼ਸਰਾਂ ਨੇ ਇਕ ਅਪ੍ਰੈਲ ਤੋਂ ਲੈ ਕੇ 31 ਅਗਸਤ ਤੱਕ ਵਿਭਾਗ ਨੇ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਫੜਨ ਦੇ ਜਿੰਨੇ ਮਾਮਲੇ ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਵਿਚੋਂ 18 ਅਜਿਹੇ ਹਨ ਜਿਹੜੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਪੰਜਾਬ ਦੇ ਬਾਜ਼ਾਰਾਂ ਵਿਚ ਪਹੁੰਚਾ ਰਹੇ ਸਨ। ਇਨ੍ਹਾਂ ਵਿਚ 2916 ਪੇਟੀਆਂ ਵੀ ਫੜੀਆਂ ਗਈਆਂ ਹਨ। ਵਿਭਾਗ ਨੂੰ ਖਦਸ਼ਾ ਹੈ ਕਿ ਇਹ ਤਾਂ ਉਹ ਮਾਲ ਹੈ ਜੋ ਫੜਿਆ ਗਿਆ ਹੈ, ਹੋ ਸਕਦਾ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਬਾਜ਼ਾਰ ਵਿਚ ਖਪਾ ਦਿੱਤਾ ਗਿਆ ਹੋਵੇ।
ਆਬਕਾਰੀ ਵਿਭਾਗ ਦੇ ਕਮਿਸ਼ਨਰ ਵਰੁਣ ਰੁਜ਼ਮ ਨੇ ਚੰਡੀਗੜ੍ਹ ਤੋਂ ਹੋ ਰਹੀ ਤਸਕਰੀ ਦਾ ਮਾਮਲਾ ਚੰਡੀਗੜ੍ਹ ਦੇ ਡੀਸੀ ਵਿਨੇ ਪ੍ਰਤਾਪ ਸਿੰਘ ਕੋਲ ਵੀ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਸਟਿਲਰੀਆਂ ਤੇ ਬਾਟਲਿੰਗ ਪਲਾਂਟਾਂ ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਅਜਿਹੇ 186 ਮਾਮਲੇ ਦਰਜ ਕੀਤੇ ਗਏ ਹਨ ਜੋ ਚੰਡੀਗੜ੍ਹ ਤੋਂ ਪੰਜਾਬ ਵਿਚ ਤਸਕਰੀ ਦੇ ਸਨ।
ਵਰੁਣ ਰੂਜ਼ਮ ਨੇ ਕਿਹਾ ਕਿ ਇੰਨੀ ਵੱਡੀ ਤਸਕਰੀ ਚੰਡੀਗੜ੍ਹ ਦੇ ਬਾਟਲਿੰਗ ਪਲਾਂਟ ਤੇ ਮੈਨੂਫੈਕਚਰਰਾਂ ਦੀ ਮਿਲੀਭੁਗਤ ਤੋਂ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਨਾ ਸਿਰਫ ਪੰਜਾਬ ਨੂੰ ਮਾਲੀਏ ਦੇ ਰੂਪ ਵਿਚ ਨੁਕਸਾਨ ਹੋ ਰਿਹਾ ਹੈ ਸਗੋਂ ਇਸ ਦਾ ਘਾਟਾ ਚੰਡੀਗੜ੍ਹ ਨੂੰ ਵੀ ਪੈ ਰਿਹਾ ਹੈ। ਡੀਸੀ ਚੰਡੀਗੜ੍ਹ ਨੂੰ ਸਾਰੇ 186 ਕੇਸਾਂ ਦੀ ਡਿਟੇਲ ਭੇਜਦੇ ਹੋਏ ਪੰਜਾਬ ਦੇ ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਤਹਿ ਤੱਕ ਜਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਲੀਕੇਜ ਕਿਥੇ ਹੋ ਰਹੀ ਹੈ। ਇਸ ਵਿਚ ਬਾਟਲਿੰਗ ਤੇ ਡਿਸਟਿਲਰੀਆਂ ਦੇ ਕਿਹੜੇ- ਕਿਹੜੇ ਲੋਕ ਸ਼ਾਮਿਲ ਹਨ।