ਜ਼ੀਰਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੂੰ ਦੇਰ ਰਾਤ ਰੋਪੜ ਦੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਜੇਲ੍ਹ ਰੂਪਨਗਰ ਚ ਬੰਦ ਸਨ। ਉਨ੍ਹਾਂ ਨੂੰ 7/51 ਦੀ ਧਾਰਾ ਤਹਿਤ ਕਈ ਦਿਨ ਜੇਲ੍ਹ ਚ ਰਹਿਣਾ ਪਿਆ। ਸਾਬਕਾ ਵਿਧਾਇਕ ਜ਼ੀਰਾ ਨੂੰ ਸੁਰੱਖਿਆ ਅਤੇ ਵਿਗੜ ਰਹੇ ਮਾਹੌਲ ਦੀ ਆੜ ਚ ਜਾਣਬੁੱਝ ਕੇ ਫਿਰੋਜ਼ਪੁਰ ਜੇਲ੍ਹ ਤੋਂ ਰੂਪਨਗਰ ਜੇਲ੍ਹ ਚ ਸ਼ਿਫਟ ਕੀਤਾ ਗਿਆ ਸੀ।
ਕਿਉਂ ਕੀਤਾ ਗਿਆ ਸੀ ਗ੍ਰਿਫ਼ਤਾਰ
ਉਨ੍ਹਾਂ ਨੂੰ ਬੀ.ਡੀ.ਪੀ.ਓ. ਜ਼ੀਰਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ੀਰਾ ਨੂੰ ਅਦਾਲਤ ਵੱਲੋਂ ਇਕ ਕੇਸ ਚ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਉਹ ਧਾਰਾ 7/51 ਤਹਿਤ ਰੂਪਨਗਰ ਜੇਲ੍ਹ ਚ ਬੰਦ ਸਨ। ਅੱਜ ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇਣ ਉਪਰੰਤ ਜ਼ਿਲ੍ਹਾ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ। ਇਸ ਮੌਕੇ ਕੌਂਸਲਰ ਪੋਮੀ ਸੋਨੀ ਖਾਸ ਤੌਰ ਤੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਸਨ।
ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 11 ਤੋਂ 12 ਅਕਤੂਬਰ ਤੱਕ ਜ਼ੀਰਾ ਨੇ ਆਪਣੇ ਸਾਥੀਆਂ ਸਣੇ ਪੰਚਾਂ-ਸਰਪੰਚਾਂ ਦੇ ਹੱਕ ਵਿੱਚ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਧਰਨਾ ਦਿੱਤਾ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਸਮੇਤ ਬੀ.ਡੀ.ਪੀ.ਓ. ਦਫ਼ਤਰ ਅੰਦਰ ਚਲੇ ਗਏ ਸਨ। ਕੁਲਬੀਰ ਜ਼ੀਰਾ ਨੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕਰਨ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਵੀ ਕੀਤਾ ਸੀ। BDPO ਦੀ ਸ਼ਿਕਾਇਤ ‘ਤੇ FIR ਦਰਜ ਹੋਈ ਸੀ, ਜਿਸ ਤੋਂ ਬਾਅਦ ਜ਼ੀਰਾ ਨੂੰ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਸੀ।