ਜੰਮੂ-ਕਸ਼ਮੀਰ ’ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਅੱਜ ਕੀਤਾ ਜਾਵੇਗਾ ਸਸਕਾਰ

0
100045
ਜੰਮੂ-ਕਸ਼ਮੀਰ ’ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਅੱਜ ਕੀਤਾ ਜਾਵੇਗਾ ਸਸਕਾਰ

Gurdaspur: ਗੁਰਦਾਸਪੁਰ ਜਿਲੇ ਦੇ ਕਾਦੀਆਂ ਹਲਕੇ ਦੇ ਬੇਟ ਖੇਤਰ ਦੇ ਪਿੰਡ ਭੈਣੀ ਖਾਦਰ ਦੇ ਇੱਕ ਫ਼ੌਜੀ ਨੌਜਵਾਨ ਦੀ ਗਸ਼ਤ ਕਰਦੇ ਸਮੇਂ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਭੈਣੀ ਖਾਦਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ (24) ਫ਼ੀਲਡ 73 ਰਜਮੈਂਟ 18 ਆਰ. ਆਰ. ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ। ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ।

ਡਿਊਟੀ ਦੌਰਾਨ ਪੰਜਾਬ ਦਾ ਜਵਾਨ ਹੋਇਆ ਸ਼ਹੀਦ

ਬੀਤੇ ਦਿਨ ਗੁਰਪ੍ਰੀਤ ਸਿੰਘ ਫ਼ੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ। ਪਰ ਇਸ ਦੌਰਾਨ ਉਸ ਦਾ ਪੈਰ ਤਲਕਣ ਕਾਰਨ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗ ਗਿਆ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਬੀਤੀ ਸ਼ਾਮ ਉਨ੍ਹਾਂ ਨੂੰ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੋਨ ਰਾਹੀਂ ਇਸ ਸਬੰਧੀ ਸੂਚਿਤ ਕੀਤਾ।

ਅੱਜ ਜੱਦੀ ਪਿੰਡ ਚ ਕੀਤਾ ਜਾਵੇਗਾ ਅੰਤਿਮ ਸਸਕਾਰ

ਦੱਸ ਦਈਏ ਕਿ13 ਜਨਵਰੀ ਨੂੰ ਉਸ ਦੀ ਮ੍ਰਿਤਕ ਦੇਹ ਗੁਲਮਰਗ ਤੋਂ ਵਾਪਸ ਭੈਣੀ ਖਾਦਰ ਵਿਖੇ ਪਹੁੰਚਣ ਬਾਅਦ ਉਸ ਦਾ ਫ਼ੌਜੀ ਸਨਾਮਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ਉੱਤੇ ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।

ਜਵਾਨ ਦੀ ਸ਼ਹਾਦਤ ’ਤੇ ਸੀਐੱਮ ਮਾਨ ਨੇ ਜਤਾਇਆ ਦੁੱਖ

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ 24 ਸਾਲਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਗੁਰਦਾਸਪੁਰ ਦੇ ਪਿੰਡ ਭੈਣੀ ਖਾਦਰ ਦਾ ਰਹਿਣ ਵਾਲਾ ਸੀ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਬਹਾਦਰ ਜਵਾਨ ਨੇ ਜੰਮੂ-ਕਸ਼ਮੀਰ ਵਿਖੇ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਅਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ-ਸੀਐੱਮ ਮਾਨ

ਮੁੱਖ ਮੰਤਰੀ ਨੇ ਬਹਾਦਰ ਜਵਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਨੇ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਣ ਲਈ ਪੂਰੀ ਲਗਨ ਦਿਖਾਈ ਹੈ ਅਤੇ ਸ਼ਹੀਦ ਦੀ ਮਹਾਨ ਕੁਰਬਾਨੀ ਨੌਜਵਾਨਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਅਤੇ ਸ਼ਹੀਦ ਦਾ ਸਸਕਾਰ ਉਸ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here