ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਵੀਰਵਾਰ ਨੂੰ ਇਕ ਮਿੰਨੀ ਬੱਸ ਪਲਟ ਗਈ, ਜਿਸ ਕਾਰਨ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਨਿੱਜੀ ਯਾਤਰੀ ਵਾਹਨ ਬੁਢਲ ਤੋਂ ਕੰਢੀ ਜਾ ਰਿਹਾ ਸੀ ਕਿ ਸਵੇਰੇ 11.30 ਵਜੇ ਦੇ ਕਰੀਬ ਫਾਨੀ ਤਰਾਨ ਪਿੰਡ ਨੇੜੇ ਇਹ ਹਾਦਸਾ ਵਾਪਰਿਆ।
ਕੰਢੀ ਦੇ ਬਲਾਕ ਮੈਡੀਕਲ ਅਫਸਰ ਡਾਕਟਰ ਇਕਬਾਲ ਮਲਿਕ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ ਅਤੇ ਉਨ੍ਹਾਂ ਵਿਚੋਂ ਦੋ – ਕੇਵਲ ਦੇ ਸ਼ਕੀਲ ਅਹਿਮਦ ਅਤੇ ਕੰਢੀ ਦੇ ਬਦਰ ਹੁਸੈਨ – ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਜ਼ਖਮੀ ਹਾਫਿਜ਼ੁੱਲਾ ਨੇ ਬਾਅਦ ਵਿਚ ਸ਼ਾਮ ਨੂੰ ਦਮ ਤੋੜ ਦਿੱਤਾ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਦਰਦਨਾਕ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ, “ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਵਿਅਕਤੀਆਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ।” ਉਨ੍ਹਾਂ ਨੇ ਇੱਕ ਸੰਦੇਸ਼ ਵਿੱਚ ਕਿਹਾ, “ਮੈਂ ਦੁਖੀ ਪਰਿਵਾਰਾਂ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”