ਪੀਟੀਸੀ ਨਿਊਜ਼ ਡੈਸਕ: WWE ਚੈਂਪੀਅਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਖਲੀ ਜ਼ਿਆਦਾ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਕੌਮਾਂਤਰੀ ਕੁਸ਼ਤੀ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਅਮਰੀਕਾ ਦੇ ਹਸਪਤਾਲ ‘ਚ ਪਤਨੀ ਨੇ ਮੁੰਡੇ ਨੂੰ ਦਿੱਤਾ ਜਨਮ
ਖਲੀ ਦੀ ਪਤਨੀ ਹਰਪਿੰਦਰ ਕੌਰ ਨੇ ਅਮਰੀਕਾ ਦੇ ਇੱਕ ਮੈਟਰਨਿਟੀ ਹੋਮ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ। ਖਲੀ ਨੇ ਹਸਪਤਾਲ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਉਹ ਆਪਣੇ ਬੇਟੇ ਨੂੰ ਗੋਦ ‘ਚ ਲੈ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਖਲੀ ਆਪਣੇ ਬੇਟੇ ਨੂੰ ਕਹਿ ਰਹੇ ਹਨ ਕਿ ਉਹ ‘ਜਲਦੀ ਠੀਕ ਹੋ ਜਾਵੇਗਾ’। ਦੱਸ ਦੇਈਏ ਕਿ ਆਪਣੇ ਬੇਟੇ ਤੋਂ ਪਹਿਲਾਂ ਖਲੀ ਦੀ ਇੱਕ ਬੇਟੀ ਵੀ ਹੈ। ਖਲੀ ਨੇ ਆਪਣੇ ਬੇਟੇ ਨੂੰ ‘ਅਨਮੋਲ ਹੀਰਾ’ ਕਹਿ ਕੇ ਖੁਸ਼ੀ ਜ਼ਾਹਰ ਕੀਤੀ ਹੈ।
ਹਿਮਾਚਲ ਦੇ ਸਿਰਮੌਰ ‘ਚ ਖੁਸ਼ੀ ਦਾ ਮਾਹੌਲ
ਦਿ ਗ੍ਰੇਟ ਖਲੀ ਮੂਲ ਰੂਪ ਤੋਂ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਧੀਰਾਣਾ ਦੇ ਰਹਿਣ ਵਾਲੇ ਹਨ। ਖਲੀ ਦੇ ਘਰ ‘ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਕੁਝ ਕੁ ਫਿਲਮਾਂ ਤੋਂ ਇਲਾਵਾ ਖਲੀ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਖਲੀ ਇਕਲੌਤੇ ਭਾਰਤੀ ਪਹਿਲਵਾਨ ਨੇ ਜਿਨ੍ਹਾਂ ਵਿਦੇਸ਼ ਜਾ ਉੱਥੇ ਦੇ ਵੱਡੇ ਪਹਿਲਵਾਨਾਂ ਨੂੰ ਹਰਾ ਕੇ ਡਬਲਯੂ.ਡਬਲਯੂ.ਈ. ਦਾ ਖਿਤਾਬ ਆਪਣੇ ਨਾਮ ਕੀਤਾ ਹੈ।
ਪੰਜਾਬ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਬਦਲੀ ਕਿਸਮਤ
ਦਲੀਪ ਸਿੰਘ ਰਾਣਾ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਸਰੀਰ ਉਨ੍ਹਾਂ ਦੇ ਸੱਤ ਭਰਾਵਾਂ ਅਤੇ ਭੈਣਾਂ ਵਿੱਚ ਵੱਖਰਾ ਸੀ। ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਮਜ਼ਦੂਰ ਵਜੋਂ ਵੀ ਕੰਮ ਕੀਤਾ। ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਐਮ.ਐੱਸ. ਢਿੱਲੋਂ ਇੱਕ ਵਾਰ ਹਿਮਾਚਲ ਗਏ ਤਾਂ ਉਨ੍ਹਾਂ ਦੀ ਨਜ਼ਰ ਦਲੀਪ ਸਿੰਘ ਰਾਣਾ ‘ਤੇ ਪਈ। ਉਨ੍ਹਾਂ ਨੇ ਖਲੀ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਮੌਕਾ ਦਿੱਤਾ। ਜਿਸ ਤੋਂ ਬਾਅਦ ਖਲੀ ਨੂੰ ਪੇਸ਼ੇਵਰ ਕੁਸ਼ਤੀ ਵਿੱਚ ਉੱਤਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਕਾਮੰਤ੍ਰੀ ਪੱਧਰ ‘ਤੇ ਭਾਰਤ ਦਾ ਮਾਣ ਵੀ ਵਧਾਇਆ।
2006 ਤੋਂ 2014 ਤੱਕ ਰਹੇ WWE ਦਾ ਹਿੱਸਾ
ਖਲੀ 2006 ਤੋਂ 2014 ਤੱਕ ਡਬਲਯੂ.ਡਬਲਯੂ.ਈ. ਵਿੱਚ ਰਹੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਅੰਡਰਟੇਕਰ, ਕੇਨ, ਬਿਗ-ਸ਼ੋਅ, ਜੌਨ ਸੀਨਾ, ਬ੍ਰੌਕ ਲੈਸਨਰ, ਰੇ-ਮਿਸਟਰੀਓ, ਦ ਰੌਕ, ਟ੍ਰਿਪਲ ਐਚ, ਰੈਂਡੀ ਔਰਟਨ ਸਮੇਤ ਕਈ ਦਿੱਗਜ ਪਹਿਲਵਾਨਾਂ ਨਾਲ ਮੁਕਾਬਲਾ ਵੀ ਕੀਤਾ। 46 ਸਾਲ ਉਮਰ ਦੇ ਖਲੀ ਦਾ 157 ਕਿਲੋ ਭਾਰ ਹੈ ਅਤੇ ਉਨ੍ਹਾਂ ਦਾ ਕੱਦ 7 ਫੁੱਟ 1 ਇੰਚ ਉੱਚਾ ਹੈ। ਕੁਸ਼ਤੀ ਦੇ ਨਾਲ-ਨਾਲ ਖਲੀ ਨੇ ਹਾਲੀਵੁੱਡ, ਬਾਲੀਵੁੱਡ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ।