ਚੰਡੀਗੜ੍ਹ ਵਿੱਚ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਮੋਰਚਾ ਗੈਰ ਸਿਆਸੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਵੱਡੇ ਐਲਾਨ ਕਰ ਦਿੱਤੇ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 10 ਜ਼ਿਲ੍ਹਿਆਂ ਵਿੱਚ 9 ਸਾਈਲੋ ਮੰਡੀਆਂ ਦਾ ਐਲਾਨ ਕੀਤਾ, ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਬਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 7 ਅਪਰੈਲ ਤੱਕ ਆਪਣਾ ਆਹ ਫੈਸਲਾ ਵਾਪਸ ਨਹੀਂ ਲਿਆ ਤਾਂ ਫਿਰ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉੱਥੇ ਹੀ ਭਾਜਪਾ ਆਗੂਆਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਭਾਜਪਾ ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਸਾਡੀਆਂ ਮੰਗੀਆਂ 7 ਅਪਰੈਲ ਤੱਕ ਪੂਰੀਆਂ ਨਹੀ ਹੋਈਆਂ ਤਾਂ 9 ਅਪਰੈਲ ਨੂੰ ਸ਼ੰਭੂ ਬਾਰਡਰ ‘ਤੇ ਰੇਲਾਂ ਰੋਕੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਰਕੇ ਸਰਕਾਰ ਦਮਨਕਾਰੀ ਨੀਤੀਆਂ ਲਾਗੂ ਕਰਨ ਵਿੱਚ ਲੱਗੀ ਹੋਈ ਹੈ, ਜਿਹੜੀਆਂ ਕਿਸਾਨਾਂ ਦੇ ਖ਼ਿਲਾਫ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਸਰਕਾਰ ਨਾਲ ਮੀਟਿੰਗ ਹੋਈ ਸੀ ਤਾਂ ਉਦੋਂ ਸਰਕਾਰ ਨਾਲ ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਛੱਡਣ ਬਾਰੇ ਕਿਹਾ ਸੀ, ਪਰ ਹਾਲੇ ਤੱਕ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ, ਉਹ ਹਾਲੇ ਤੱਕ ਜੇਲ੍ਹ ਵਿੱਚ ਬੰਦ ਹਨ।
ਉੱਥੇ ਹੀ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ, ਉਹ ਗ਼ਲਤ ਹੈ। ਮੰਡੀਆਂ ਨੂੰ ਸਾਈਲੋ ਰਾਹੀਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਇੱਕ ਸਾਈਲੋ ਬਣਾਇਆ ਗਿਆ ਸੀ, ਜਿਸ ਕਰਕੇ 20-25 ਮੰਡੀਆਂ ਦਾ ਖਾਤਮਾ ਹੋਇਆ ਸੀ, ਜੇਕਰ ਹੁਣ 9 ਸਾਈਲੋ ਬਣਨਗੇ ਤਾਂ ਇਸ ਦਾ ਬਹੁਤ ਵੱਡਾ ਅਸਰ ਪਵੇਗਾ।
ਜ਼ਿਕਰ ਕਰ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਕਾਫੀ ਸਮੇਂ ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਹੋਏ ਹਨ, ਜਿਸ ਦੌਰਾਨ ਉਨ੍ਹਾਂ ਨੂੰ ਕਾਫੀ ਤਸ਼ੱਦਦ ਵੀ ਸਹਿਣਾ ਪਿਆ ਤਾਂ ਕਈ ਨੌਜਵਾਨਾਂ ਦੀ ਜਾਨ ਵੀ ਚਲੀ ਗਈ। ਪਰ ਹਾਲੇ ਤੱਕ ਕਿਸਾਨਾਂ ਦੀ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ, ਜਿਸ ਨੂੰ ਲੈਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ, ਜਿਸ ਕਰਕੇ ਕਿਸਾਨਾਂ ਨੇ ਹੁਣ ਨਵੀਂ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ।