ਅੰਬਾਲਾ: ਅੰਬਾਲਾ ਪੁਲਿਸ ਦੀ ਸੀਆਈਏ-1 ਯੂਨਿਟ ਨੇ ਕੇਂਦਰੀ ਵਿਦਿਆਲਿਆ ਸੰਗਠਨ ਵਿੱਚ ਨੌਕਰੀਆਂ ਲਈ ਪੀਜੀਟੀ ਆਨਲਾਈਨ ਪ੍ਰੀਖਿਆ ਵਿੱਚ ਉਮੀਦਵਾਰਾਂ ਨੂੰ ਧੋਖਾਧੜੀ ਕਰਨ ਵਿੱਚ ਕਥਿਤ ਤੌਰ ‘ਤੇ ਮਦਦ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ‘ਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਨਿਤੇਸ਼ ਕੁਮਾਰ, ਕੁਲਦੀਪ, ਮਨਜੀਤ ਸਿੰਘ, ਵਿਨੋਦ ਸਿੰਘ, ਹਰੀਸ਼, ਸੁਰੇਂਦਰ, ਧੀਰਜ, ਅਨਿਲ ਮਲਿਕ, ਵਿਕਾਸ ਅਤੇ ਰਾਮ ਅਵਤਾਰ ਵਜੋਂ ਹੋਈ ਹੈ। ਉਨ੍ਹਾਂ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 20 ਸੀਪੀਯੂ, 12 ਲੈਪਟਾਪ ਅਤੇ 13 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।
ਜਾਣਕਾਰੀ ਮੁਤਾਬਕ ਅੰਬਾਲਾ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਨੀਵਾਰ ਨੂੰ ਹਿਸਾਰ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਇੰਸਟੀਚਿਊਟ ‘ਚ ਆਨਲਾਈਨ ਪ੍ਰੀਖਿਆ ਹੋ ਰਹੀ ਹੈ। ਸ਼ੱਕੀ ਵਿਅਕਤੀਆਂ ਨੇ ਉਮੀਦਵਾਰਾਂ ਤੋਂ ਪੈਸੇ ਲਏ ਸਨ ਅਤੇ ਰਿਮੋਟ ਐਕਸੈਸ ਦੀ ਵਰਤੋਂ ਕਰਕੇ ਇੱਕ ਸਾਫਟਵੇਅਰ ਦੀ ਮਦਦ ਨਾਲ ਸਵਾਲ ਹੱਲ ਕਰਨ ਵਿੱਚ ਮਦਦ ਕੀਤੀ ਸੀ।
ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ, “ਸੂਚਨਾ ਤੋਂ ਬਾਅਦ ਸੀਆਈਏ-1 ਅਤੇ ਮਹਿਲਾ ਥਾਣੇ ਦੀ ਸਾਂਝੀ ਟੀਮ ਗਠਿਤ ਕੀਤੀ ਗਈ ਅਤੇ ਪ੍ਰੀਖਿਆ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਸ਼ੱਕੀ ਵਿਅਕਤੀਆਂ ਨਾਲ ਸੌਦੇਬਾਜ਼ੀ ਕੀਤੀ ਸੀ, ਉਨ੍ਹਾਂ ਬਾਰੇ ਵੇਰਵੇ ਹਾਸਲ ਕੀਤੇ ਗਏ ਹਨ। ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਕੁਲਦੀਪ ਗੈਂਗ ਦਾ ਸਰਗਨਾ ਹੈ। ਉਮੀਦਵਾਰਾਂ ਤੋਂ 15-20 ਲੱਖ ਰੁਪਏ ਤੱਕ ਵਸੂਲੇ ਜਾ ਰਹੇ ਸਨ।