ਪਟਿਆਲਾ ਦੇ ਹਸਪਤਾਲ ‘ਚ ਮ੍ਰਿਤਕ ਐਲਾਨਿਆ ਵਿਅਕਤੀ ਐਂਬੂਲੈਂਸ ਨੂੰ ਝਟਕਾ ਲੱਗਣ ਨਾਲ ਹੋਇਆ ਜ਼ਿੰਦਾ

0
100094
ਪਟਿਆਲਾ ਦੇ ਹਸਪਤਾਲ 'ਚ ਮ੍ਰਿਤਕ ਐਲਾਨਿਆ ਵਿਅਕਤੀ ਐਂਬੂਲੈਂਸ ਨੂੰ ਝਟਕਾ ਲੱਗਣ ਨਾਲ ਹੋਇਆ ਜ਼ਿੰਦਾ

ਪਟਿਆਲਾ: ਸੜਕਾਂ ‘ਤੇ ਪਏ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਰਿਆਣਾ (Haryana) ਦੇ ਇਕ ਬਜ਼ੁਰਗ ਲਈ ਇਹ ਟੋਏ ਜਿਊਣ ਦਾ ਕਾਰਨ ਬਣ ਗਏ। ਹਰਿਆਣਾ ਦੇ ਇਕ ਬਜ਼ੁਰਗ ਸ਼ਖਸ ਨੂੰ ਪਟਿਆਲਾ (Patiala) ਦੇ ਹਸਪਤਾਲ ਵਿਖੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਪਰ ਐਂਬੂਲੈਂਸ ਵਿੱਚ ਉਸ ਦੀ ਦੇਹ ਨੂੰ ਹਰਿਆਣਾ ‘ਚ ਉਸ ਦੇ ਘਰ ਲੈ ਜਾਂਦੇ ਸਮੇਂ ਚਮਤਕਾਰ ਵਾਪਰ ਗਿਆ।

ਸੜਕਾਂ ਵਿਚਕਾਰ ਪਏ ਟੋਏ ਵਿੱਚ ਐਂਬੂਲੈਂਸ ਦਾ ਇਕ ਪਹੀਆ ਫੱਸ ਗਿਆ, ਜਿਸ ਕਾਰਨ ਗੱਡੀ ਨੂੰ ਜ਼ਬਰਦਸਤ ਝਟਕਾ ਲੱਗਾ। ਇਸ ਤੋਂ ਬਾਅਦ ਮ੍ਰਿਤਕ ਐਲਾਨਿਆਂ ਇਹ ਸ਼ਖਸ ਮੁੜ ਤੋਂ ਸਾਹ ਲੈਣ ਲੱਗ ਪਿਆ।

ਕੀ ਹੈ ਪੂਰਾ ਮਾਮਲਾ?

80 ਸਾਲਾ ਦਰਸ਼ਨ ਸਿੰਘ ਬਰਾੜ ਦੀ ਲਾਸ਼ ਨੂੰ ਪੰਜਾਬ ਦੇ ਪਟਿਆਲਾ ਦੇ ਇਕ ਹਸਪਤਾਲ ਤੋਂ ਕਰਨਾਲ ਨੇੜੇ ਉਨ੍ਹਾਂ ਦੇ ਘਰ ਲਿਜਾਇਆ ਜਾ ਰਿਹਾ ਸੀ। ਉੱਥੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਹਾਲਾਂਕਿ ਲਾਸ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਪਹੀਆ ਟੋਏ ‘ਚ ਫਸ ਗਿਆ, ਜਿਸ ਕਾਰਨ ਗੱਡੀ ਨੂੰ ਤੇਜ਼ ਝਟਕਾ ਲੱਗਾ। ਇਸ ਦੌਰਾਨ ਦਰਸ਼ਨ ਦੇ ਪੋਤਰੇ ਬਲਵਾਨ ਸਿੰਘ ਨੇ ਦੇਖਿਆ ਕਿ ਉਸ ਦੇ ਹੱਥ ਕੰਬਣ ਲੱਗ ਪਏ। ਇਸ ਤੋਂ ਬਾਅਦ ਉਸਨੇ ਡਰਾਈਵਰ ਨੂੰ ਐਮਬੂਲੈਂਸ ਤੁਰੰਤ ਹਸਪਤਾਲ ਵਾਪਿਸ ਲਿਜਾਣ ਲਈ ਕਿਹਾ।

ਡਾਕਟਰਾਂ ਨੇ ਦੁਬਾਰਾ ਜਾਂਚ ਕਰ ਦਰਸ਼ਨ ਨੂੰ ਐਲਾਨ ਦਿੱਤਾ ਜ਼ਿੰਦਾ

ਹਸਪਤਾਲ ਦੇ ਡਾਕਟਰਾਂ ਨੇ ਦਰਸ਼ਨ ਦੀ ਜਾਂਚ ਕਰ ਕੇ ਉਸ ਨੂੰ ਜ਼ਿੰਦਾ ਦੱਸਿਆ ਅਤੇ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਫਿਲਹਾਲ ਦਰਸ਼ਨ ਸਿੰਘ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹਸਪਤਾਲ ਦੇ ਡਾਕਟਰ ਨੇਤਰਪਾਲ ਸਿੰਘ ਨੇ ਦੱਸਿਆ, “ਸਾਨੂੰ ਨਹੀਂ ਪਤਾ ਕਿ ਪਿਛਲੇ ਹਸਪਤਾਲ ਵਿੱਚ ਕੀ ਹੋਇਆ ਸੀ, ਪਰ ਜਦੋਂ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਸਾਹ ਚੱਲ ਰਿਹਾ ਸੀ। ਦਰਸ਼ਨ ਨੂੰ ਛਾਤੀ ਵਿੱਚ ਇਨਫੈਕਸ਼ਨ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।”

ਦਰਸ਼ਨ ਦੇ ਪੋਤਰੇ ਨੇ ਕੀ ਕਿਹਾ?

ਦਰਸ਼ਨ ਦੇ ਪੋਤੇ ਬਲਵਾਨ ਨੇ ਦੱਸਿਆ, “ਦਾਦਾ ਜੀ ਦੀ ਕੁਝ ਦਿਨਾਂ ਤੋਂ ਤਬੀਅਤ ਠੀਕ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਹ 4 ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ ਅਤੇ ਫਿਰ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।”

ਉਨ੍ਹਾਂ ਕਿਹਾ, “ਮੈਂ ਦਾਦਾ ਜੀ ਦੀ ਮੌਤ ਦੀ ਸੂਚਨਾ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਵੀ ਸੂਚਨਾ ਮਿਲੀ। ਅੰਤਿਮ ਸੰਸਕਾਰ ਲਈ ਲੋਕ ਇਕੱਠੇ ਹੋ ਗਏ ਸਨ ਅਤੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ।”

ਪਰਿਵਾਰ ਦਰਸ਼ਨ ਦੇ ਘਰ ਪਰਤਣ ਦੀ ਕਰ ਰਿਹਾ ਉਮੀਦ

ਬਲਵਾਨ ਨੇ ਅੱਗੇ ਦੱਸਿਆ ਕਿ ਜਦੋਂ ਐਂਬੂਲੈਂਸ ਦਾ ਪਹੀਆ ਟੋਏ ਵਿੱਚ ਫਸ ਗਿਆ ਤਾਂ ਉਸ ਨੇ ਆਪਣੇ ਦਾਦਾ ਜੀ ਦੇ ਹੱਥ ਵਿੱਚ ਹਿਲਜੁਲ ਵੇਖੀ, ਜਿਸ ਤੋਂ ਬਾਅਦ ਉਹ ਵਾਪਸ ਹਸਪਤਾਲ ਚਲਾ ਗਿਆ।

ਉਨ੍ਹਾਂ ਕਿਹਾ, “ਮੁਆਇਨਾ ਤੋਂ ਬਾਅਦ ਹਸਪਤਾਲ ਦੇ ਡਾਕਟਰ ਨੇ ਦਾਦਾ ਜੀ ਨੂੰ ਜ਼ਿੰਦਾ ਐਲਾਨ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਹੈ, ਪਰ ਇਹ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਫਿਲਹਾਲ ਅਸੀਂ ਸਾਰੇ ਚਾਹੁੰਦੇ ਹਾਂ ਕਿ ਦਾਦਾ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਅਤੇ ਘਰ ਵਾਪਸ ਆ ਜਾਣ।”

 

LEAVE A REPLY

Please enter your comment!
Please enter your name here