Keshav Maharaj: ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਦੀ ਹਾਰ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇੱਕ ਰੋਮਾਂਚਕ ਮੈਚ ਵਿੱਚ ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾਇਆ। ਪਹਿਲੀ ਵਾਰ ਪਾਕਿਸਤਾਨ ਕ੍ਰਿਕਟ ਵਿਸ਼ਵ ਕੱਪ ‘ਚ ਲਗਾਤਾਰ ਚਾਰ ਮੈਚ ਹਾਰਿਆ ਹੈ। ਇਸ ਹਾਰ ਨਾਲ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਲਈ ਸੈਮੀਫਾਈਨਲ ‘ਚ ਪਹੁੰਚਣਾ ਕਾਫੀ ਮੁਸ਼ਕਿਲ ਹੋ ਗਿਆ ਹੈ।
ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਨੂੰ ਰੋਕਣ ਵਾਲੇ ਮੈਚ ‘ਚ ਕੇਸ਼ਵ ਨੇ ਚੌਕਾ ਲਗਾ ਕੇ ਬਾਬਰ ਆਜ਼ਮ ਦੀ ਫੌਜ ਨੂੰ ਜ਼ਬਰਦਸਤ ਝਟਕਾ ਦਿੱਤਾ। ਇਸ ਦੌਰਾਨ ਮਹਾਰਾਜ ਦਾ ਬੱਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਪ੍ਰਸ਼ੰਸਕ ਇਸ ਬਾਰੇ ਕਾਫੀ ਚਰਚਾ ਕਰ ਰਹੇ ਹਨ। ਸਵਾਲ ਇਹ ਹੈ ਕਿ ਬੱਲੇਬਾਜ਼ ਤੋਂ ਜ਼ਿਆਦਾ ਉਸ ਦੇ ਬੱਲੇ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ?
ਭਾਵੇਂ ਕੇਸ਼ਵ ਮਹਾਰਾਜ ਨੇ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਸਿਰਫ਼ 7 ਦੌੜਾਂ ਬਣਾਈਆਂ ਸਨ ਪਰ ਉਨ੍ਹਾਂ ਦੀ ਇਹ ਪਾਰੀ ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਪਾਰੀ ਵਿੱਚੋਂ ਇੱਕ ਹੈ।
ਇਸ ਜਿੱਤ ਦੇ ਹੀਰੋ ਬਣਨ ਤੋਂ ਬਾਅਦ ਕੇਸ਼ਵ ਮਹਾਰਾਜ ਦਾ ਬੱਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਭਾਰਤੀ ਮੂਲ ਦੇ ਦੱਖਣੀ ਅਫਰੀਕੀ ਖਿਡਾਰੀ ਆਪਣੇ ਬੱਲੇ ‘ਤੇ ਓਮ ਦਾ ਟੈਟੂ ਬਣਵਾ ਕੇ ਖੇਡਦੇ ਹਨ। ਇਸ ਕਾਰਨ ਉਹ ਪਹਿਲਾਂ ਵੀ ਚਰਚਾਵਾਂ ’ਚ ਆਏ ਸਨ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫੀ ਤਾਰੀਫ ਕੀਤੀ ਸੀ। ਹੁਣ ਜਦੋਂ ਉਨ੍ਹਾਂ ਨੇ ਉਸੇ ਓਮ ਵਾਲੇ ਬੱਲੇ ਨਾਲ ਪਾਕਿਸਤਾਨ ਨੂੰ ਹਰਾ ਦਿੱਤਾ ਤਾਂ ਸੋਸ਼ਲ ਮੀਡੀਆ ‘ਤੇ ਇਕ ਵਾਰ ਫਿਰ ਲੋਕ ਮਹਾਰਾਜ ਦੇ ਬੱਲੇ ਦੀ ਗੱਲ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਕੇਸ਼ਵ ਨੇ ਹੀ 48ਵੇਂ ਓਵਰ ‘ਚ ਮੁਹੰਮਦ ਨਵਾਜ਼ ਦੀ ਦੂਜੀ ਗੇਂਦ ‘ਤੇ ਜੇਤੂ ਚੌਕਾ ਜੜਿਆ। ਇਸ ਮੈਚ ‘ਚ ਦੱਖਣੀ ਅਫਰੀਕਾ ਦੀਆਂ 9 ਵਿਕਟਾਂ 260 ਦੌੜਾਂ ‘ਤੇ ਡਿੱਗ ਗਈਆਂ ਸਨ ਅਤੇ ਉਸ ਨੂੰ ਅਜੇ 11 ਦੌੜਾਂ ਬਣਾਉਣੀਆਂ ਸਨ। ਅਜਿਹੀ ਔਖੀ ਸਥਿਤੀ ਵਿੱਚ ਮਹਾਰਾਜ ਨੇ ਤਬਰੇਜ਼ ਸ਼ਮਸੀ ਦੇ ਨਾਲ ਮਿਲ ਕੇ 11 ਦੌੜਾਂ ਦੀ ਕੀਮਤੀ ਸਾਂਝੇਦਾਰੀ ਕੀਤੀ ਅਤੇ ਆਪਣੀ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ। ਕੇਸ਼ਵ ਨੇ 21 ਗੇਂਦਾਂ ‘ਤੇ ਸੱਤ ਅਜੇਤੂ ਦੌੜਾਂ ਬਣਾਈਆਂ, ਜਦਕਿ ਤਬਰੇਜ਼ ਨੇ 6 ਗੇਂਦਾਂ ‘ਤੇ ਚਾਰ ਅਜੇਤੂ ਦੌੜਾਂ ਦਾ ਯੋਗਦਾਨ ਪਾਇਆ। ਜੇਤੂ ਸ਼ਾਟ ਮਾਰਨ ਤੋਂ ਬਾਅਦ ਕੇਸ਼ਵ ਮਹਾਰਾਜ ਦਾ ਜੋਸ਼ ਦੇਖਣ ਯੋਗ ਸੀ।