AAP ਕਿਸਾਨ ਆਗੂ ਕਤਲ ਕੇਸ ਅਪਡੇਟ: ਲੰਘੇ ਦਿਨ ਖੰਨਾ ਵਿੱਚ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਆਗੂ ਤਰਲੋਚਨ ਸਿੰਘ ਦੇ ਕਤਲ ਮਾਮਲੇ ਨੂੰ ਪੁਲਿਸ ਸੁਲਝਾ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਰੇ ਸੂਚਨਾ ਹੈ। ਇਹ ਵਿਅਕਤੀ ਆੜਤ ਦਾ ਕੰਮ ਕਰਦਾ ਹੈ।
ਮਾਮਲੇ ‘ਚ ਅਜੇ ਤੱਕ ਇਹ ਵਜ੍ਹਾ ਸਾਹਮਣੇ ਆ ਰਹੀ ਹੈ ਕਿ ਕਰੀਬ 5-6 ਸਾਲ ਪਹਿਲਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਇਸ ਵਿਅਕਤੀ ਦਾ ਤਰਲੋਚਨ ਸਿੰਘ ਨਾਲ ਝਗੜਾ ਹੋਇਆ ਸੀ। ਇਸ ਝਗੜੇ ‘ਚ ਇਸ ਕਥਿਤ ਦੋਸ਼ੀ ਆੜ੍ਹਤੀ ਦੀ ਪੱਗ ਵੀ ਲਹਿ ਗਈ ਸੀ ਅਤੇ ਉਸਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਗੱਲ ਸਾਹਮਣੇ ਆਈ ਸੀ। ਇਸੇ ਰੰਜਿਸ਼ ‘ਚ ਮੁਲਜ਼ਮ ਨੇ ਆਪ ਆਗੂ ਦਾ ਕਤਲ ਕਰ ਦਿੱਤਾ।
ਦੱਸ ਦਈਏ ਕਿ ਸੋਮਵਾਰ ਨੂੰ ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਰਹਿਣ ਵਾਲੇ ਤਰਲੋਚਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਉਦੋਂ ਵਾਪਰੀ ਜਦੋਂ ਸ਼ਾਮ ਨੂੰ ਤਰਲੋਚਨ ਸਿੰਘ ਆਪਣੇ ਖੇਤ ਤੋਂ ਘਰ ਪਰਤ ਰਿਹਾ ਸੀ ਤਾਂ ਪਿੰਡ ਦੀ ਸੜਕ ‘ਤੇ ਹੀ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਉੱਥੇ ਡਿੱਗ ਗਿਆ ਅਤੇ ਮੌਤ ਹੋ ਗਈ।