ਸਿੱਧੂ ਮੂਸੇਵਾਲਾ ਦਾ ਕਤਲ ਕਿਸਨੇ ਕੀਤਾ? ਕਿਵੇਂ ਕੀਤਾ? ਅਜਿਹਾ ਕਿਉਂ ਕੀਤਾ? ਇਹ ਸਾਰੇ ਸਵਾਲ ਮਸ਼ਹੂਰ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਘੁੰਮ ਰਹੇ ਹਨ। ਭਾਵੇਂ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਆ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਚੁੱਕੇ ਹਨ ਪਰ ਫਿਰ ਵੀ ਹਰ ਕਿਸੇ ਦੇ ਦਿਲ-ਦਿਮਾਗ ਵਿੱਚ ਕਈ ਸਵਾਲ ਹਨ।
ਮੂਸੇਵਾਲਾ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਕਿ ਕਤਲ ਦੇ ਇੰਨੇ ਮਹੀਨਿਆਂ ਬਾਅਦ ਵੀ ਉਸ ਦਾ ਨਾਂ ਸੋਸ਼ਲ ਮੀਡੀਆ ‘ਤੇ ਕਿਸੇ ਵੀ ਸਮੇਂ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ‘ਚ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਕਹਾਣੀ ਨੂੰ ਵਿਸਥਾਰ ਨਾਲ ਦਿਖਾਉਣ ਦੀ ਤਿਆਰੀ ਕਰ ਲਈ ਹੈ।
ਸ਼੍ਰੀਰਾਮ ਰਾਘਵਨ ਨੇ ਖਰੀਦੇ ‘ਹੂ ਕਿਲਡ ਮੂਸੇਵਾਲਾ?’ ਦੇ ਅਧਿਕਾਰ
‘ਅੰਧਾਧੁਨ’, ‘ਮੋਨਿਕਾ ਓ ਮਾਈ ਡਾਰਲਿੰਗ’ ਅਤੇ ‘ਸਕੂਪ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਦੇ ਗੁਰੂ ਸ਼੍ਰੀਰਾਮ ਰਾਘਵਨ ਨੇ ‘ਹੂ ਕਿਲਡ ਮੂਸੇਵਾਲਾ?’ ਕਿਤਾਬ ਦੇ ਅਧਿਕਾਰ ਖ਼ਰੀਦ ਲਏ ਹਨ। ਪੱਤਰਕਾਰ ਜੁਪਿੰਦਰਜੀਤ ਸਿੰਘ ਦੁਆਰਾ ਲਿਖੀ ਇਹ ਕਿਤਾਬ ਪੰਜਾਬੀ ਸੰਗੀਤ ਉਦਯੋਗ ਦੀਆਂ ਕਈ ਪਰਤਾਂ ਨੂੰ ਉਜਾਗਰ ਕਰਦੀ ਹੈ। ਪੁਸਤਕ ਮੁੱਖ ਤੌਰ ‘ਤੇ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁਭਦੀਪ ਸਿੰਘ ਸਿੱਧੂ ਦੇ ਜੀਵਨ ਵਿੱਚ ਅਪਰਾਧ, ਪ੍ਰਸਿੱਧੀ ਅਤੇ ਦੁਖਾਂਤ ਨੂੰ ਬਿਆਨ ਕਰਦੀ ਹੈ।
ਕਿਤਾਬ ‘ਚ ਹੋਰ ਕਿਹੜੇ ਮੁੱਦੇ ਸ਼ਾਮਲ?
ਇਸ ਕਿਤਾਬ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਗੈਂਗਸਟਰਾਂ ਦੇ ਵਧ ਰਹੇ ਦਬਦਬੇ ਕਾਰਨ ਪੰਜਾਬ ਵਿੱਚ ਭੜਕੀ ਹਿੰਸਾ ਦਾ ਵੇਰਵਾ ਦਿੱਤਾ ਗਿਆ ਹੈ। ਇਹ ਇੱਕ ਉਦਯੋਗ ਦੀ ਕਾਲੀ ਸਥਿਤੀ ਦੀ ਇੱਕ ਵਿਆਪਕ ਤਸਵੀਰ ਸਾਂਝੀ ਕਰਦੀ ਹੈ ਜੋ ਅਕਸਰ ਗਲੈਮਰਾਈਜ਼ਡ ਹੁੰਦਾ ਪਰ ਬਹੁਤ ਘੱਟ ਸਮਝਿਆ ਜਾਂਦਾ ਹੈ।
ਸ਼੍ਰੀਰਾਮ ਰਾਘਵਨ ਇਸ ਕਿਤਾਬ ‘ਤੇ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ, ਜਿਸ ‘ਚ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਲੈ ਕੇ ਕਤਲ ਤੱਕ ਦੀਆਂ ਕਈ ਗੱਲਾਂ ਦਿਖਾਈਆਂ ਜਾਣਗੀਆਂ। ਅਜਿਹੇ ‘ਚ ਗਾਇਕ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ।