ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਵੇਚਣ ਲਈ ਕੋਈ ਮੁਸ਼ਕਿਲ ਨਾ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਉਸਦੇ ਬਾਵਜੂਦ ਮੰਡੀਆਂ ਵਿੱਚ ਕਿਸਾਨ ਆਪਣੀ ਪੁੱਤਰਾਂ ਵਾਂਗ ਪਾਲੀ ਫ਼ਸਲ ਨੂੰ ਵੇਚਣ ਲਈ ਖੱਜਲ ਖੁਆਰ ਹੋ ਰਹੇ ਹਨ। ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਓਣਾ ਪੁਜਾਰੀਆਂ ਦੀ ਮੰਡੀ ਵਿੱਚ ਪਿਛਲੇ ਕਰੀਬ 10 ਦਿਨਾਂ ਤੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਰਾਤਾਂ ਮੰਡੀਆਂ ਵਿੱਚ ਹੀ ਕੱਟਣੀਆਂ ਪੈ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।
ਕਿਸਾਨ 10 ਦਿਨਾਂ ਤੋਂ ਆਪਣੀ ਝੋਨੇ ਦੀ ਫ਼ਸਲ ਲਿਆ ਕੇ ਮੰਡੀਆਂ ਵਿੱਚ ਬੈਠੇ ਹਨ ਪਰ ਇਸ ਦੀ ਖਰੀਦ ਨਹੀਂ ਹੋ ਰਹੀ ਜਿਸ ਕਰਕੇ ਹੋਰ ਕਿਸਾਨ ਫ਼ਸਲ ਲਿਆਉਣ ਲਈ ਮੰਡੀ ਖਾਲੀ ਹੋਣ ਦੀ ਉਡੀਕ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ 10 ਦਿਨਾਂ ਤੋਂ ਆਪਣੀਆਂ ਰਾਤਾਂ ਇੱਥੇ ਹੀ ਮੰਡੀ ਵਿੱਚ ਕੱਟ ਰਹੇ ਹਨ ਪਰ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ। ਕਿਸਾਨਾਂ ਨੇ ਕਿਹਾ, “ਸਰਕਾਰ ਬਦਲਾਅ ਦੀ ਗੱਲ ਤਾਂ ਕਰ ਰਹੀ ਹੈ ਪਰ ਤੁਸੀਂ ਮੰਡੀਆਂ ਵਿੱਚ ਖੁਦ ਹੀ ਬਦਲਾਅ ਦੇਖ ਲਓ।” ਕਿਸਾਨਾਂ ਨੇ ਕਿਹਾ ਕਿ ਜੇਕਰ ਜਲਦੀ ਉਨ੍ਹਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਸੰਘਰਸ਼ ਕਰਨਗੇ।
ਦੂਜੇ ਪਾਸੇ ਮੰਡੀ ਵਿੱਚ ਕਿਸਾਨਾਂ ਦੀ ਪਰੇਸ਼ਾਨੀ ਦਾ ਪਤਾ ਲੱਗਦਿਆਂ ਉੱਥੇ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਪਹੁੰਚੇ। ਜਿਨਾਂ ਨੇ ਕਿਸਾਨਾਂ ਦੀ ਮੁਸ਼ਕਿਲ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਜਲਦੀ ਹੀ ਮੰਡੀ ਖਾਲੀ ਕਰਵਾ ਦਿੱਤੀ ਜਾਵੇਗੀ।