ਪੰਥ ਦਾ ਚੌਥਾ ਤਖ਼ਤ ਜਿੱਥੇ ਅੱਜ ਵੀ ਗੁਰੂਆਂ ਦੀਆਂ ਨਿਸ਼ਾਨੀਆਂ ਸੁਸ਼ੋਭਿਤ 

0
100104
ਪੰਥ ਦਾ ਚੌਥਾ ਤਖ਼ਤ ਜਿੱਥੇ ਅੱਜ ਵੀ ਗੁਰੂਆਂ ਦੀਆਂ ਨਿਸ਼ਾਨੀਆਂ ਸੁਸ਼ੋਭਿਤ 

 

Takht Sri Damdama Sahib: ਮਾਲਵੇ ਖੇਤਰ ‘ਚ ਬਠਿੰਡਾ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਤਲਵੰਡੀ ਸਾਬੋ, ਜਿਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਾਕੀ ਤਖ਼ਤਾਂ ਵਾਂਗ ਇਹ ਸਿੱਖ ਪੰਥ ਦਾ ਇੱਕ ਮਹਾਨ ਸਥਾਨ ਹੈ। ਤਲਵੰਡੀ ਸਾਬੋ ਵਿੱਚ ਸੁਸ਼ੋਭਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚੋਂ ਚੌਥਾ ਅਸਥਾਨ ਹੈ ਅਤੇ ਇਸ ਨਗਰ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਸ਼ੀ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ।

ਕਿਸੇ ਸਮੇਂ ਤਲਵੰਡੀ ਸਾਬੋ ‘ਚੋ ਸਰਸਵਤੀ ਨਦੀ ਵਹਿੰਦੀ ਹੁੰਦੀ ਸੀ। ਪਰ ਸਮੇਂ ਨਾਲ ਸਭ ਕੁਝ ਖਤਮ ਹੋ ਗਿਆ। ਮੌਜੂਦਾ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਨ। ਜੋ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਹਨ।

ਗੁਰੂ ਨਾਨਕ ਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ 

ਇਸ ਨਗਰ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਸ ਨਗ਼ਰ ਪਹੁੰਚੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਨਗਰ ਨੂੰ ਚਰਨ ਛੋਹ ਪ੍ਰਾਪਤ ਹੈ। 1675 ਈਸਵੀ ਵਿੱਚ  ਗੁਰੂ ਤੇਗ ਬਹਾਦਰ ਜੀ ਵੱਲੋਂ ਏਥੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਤਲਵੰਡੀ ਸਾਬੋ ਵਿਖੇ ਆਉਣ ਵਾਲੇ ਤੀਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।

ਦਮਦਮਾ ਸਾਹਿਬ ਦਾ ਨਾਮ ਕਿਵੇਂ ਪਿਆ ? 

ਜਦੋਂ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ‘ਤੇ ਆਏ ਤਾਂ ਇੱਥੋਂ ਦੀ ਚੌਧਰ ਸਲੇਮ ਚੌਧਰੀ ਦੇ ਪੁੱਤਰ ਰਾਏ ਡੱਲੇ ਕੋਲ ਸੀ। ਗੁਰੂ ਜੀ ਜਦੋਂ ਮੁਕਤਸਰ ਦੀ ਆਖ਼ਰੀ ਲੜਾਈ ਤੋਂ ਬਾਅਦ ਤਲਵੰਡੀ ਸਾਬੋ ਨੂੰ ਆ ਰਹੇ ਸਨ ਤਾਂ ਭਾਈ ਡੱਲੇ ਨੂੰ ਪਤਾ ਲੱਗਾ। ਉਨ੍ਹਾਂ ਚਾਰ ਸੌ ਵਿਅਕਤੀਆਂ ਨੂੰ ਨਾਲ ਲੈ ਕੇ ਸੱਤ ਕੋਹ ਅੱਗੇ ਜਾ ਕੇ ਮੌਜੂਦਾ ਪਿੰਡ ਬੰਗੀ ਨਿਹਾਲ ਸਿੰਘ ਕੋਲ ਪਹੁੰਚ ਕੇ ਗੁਰੂ ਜੀ ਦਾ ਸਵਾਗਤ ਕੀਤਾ ਜਿੱਥੇ ਹੁਣ ਯਾਦਗਾਰ ਬਣੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਇੱਕ ਉੱਚੇ ਟਿੱਬੇ ‘ਤੇ ਬੈਠ ਕੇ ਦਮ ਲਿਆ। ਉਨ੍ਹਾਂ ਆਪਣਾ ਜੰਗੀ ਕਮਰਕਸਾ ਖੋਲ੍ਹਦਿਆਂ ਕਿਹਾ ਕਿ ਇਹ ਤਾਂ ਆਪਣਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ। ਜਿਸ ਕਰਕੇ ਇਸ ਨਗਰ ਦੇ ਨਾਲ ਸ੍ਰੀ ਦਮਦਮਾ ਸਾਹਿਬ ਜੁੜਿਆ ਹੈ।

ਗੁਰੂ ਕੀ ਕਾਸ਼ੀ’ ਦਾ ਵਰਦਾਨ

ਗੁਰੂ ਗੋਬਿੰਦ ਸਿੰਘ ਜੀ  ਇੱਥੇ ਇੱਕ ਸਾਲ ਦੇ ਕਰੀਬ ਰਹੇ ਅਤੇ ਇਹ ਸਮਾਂ ਉਨ੍ਹਾਂ ਦਾ ਧਰਮ ਪ੍ਰਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਕਾਲ ਸੀ। ਇਸ ਸਥਾਨ ਉਪਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ।

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਸਨ, ਤਾਂ ਲਿਖਾਈ ਸਮੇਂ ਜਿਸ ਕਲਮ ਦਾ ਮੂੰਹ ਘਿਸ ਜਾਂਦਾ ਸੀ, ਉਸ ਨੂੰ ਦੁਬਾਰਾ ਨਹੀਂ ਘੜ੍ਹਦੇ ਸਨ। ਉਸ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਸੀ। ਲਿਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਸੰਪੂਰਨ ਹੋਣ ਮਗਰੋਂ ਪੁਰਾਣੀਆਂ ਕਲਮਾਂ ਉੱਤੇ ਬਚੀ ਹੋਈ ਸਿਆਹੀ ਨੂੰ ਲਿਖਣਸਾਰ ਹੀ, ਸਰੋਵਰ ਵਿੱਚ ਪ੍ਰਵਾਹ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਇੱਥੇ ਗੁਰਸਿੱਖ ਗੁਰਮੁਖੀ ਦੀ ਵਰਣਮਾਲਾ ਲਿੱਖ ਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਜਾਂਦੀ ਹੈ।  ਕੱਚੀ ਛੱਪੜੀ ਵਾਲਾ ਅਸਥਾਨ ਹੁਣ ਲਿਖਣਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ।

ਅੱਜ ਵੀ ਪੁਰਾਤਨ ਅਤੇ ਧਾਰਮਿਕ ਵਸਤਾਂ ਮੌਜੂਦ

– ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੀ ਲਿਖੀ ਹੋਈ ਇਤਿਹਾਸਕ ਬੀੜ ਮੌਜੂਦ ਹੈ ਜਿਸ ਨੂੰ ‘ਵੱਡੇ ਬਾਬਾ ਜੀ’ ਕਰਕੇ ਜਾਣਿਆ ਜਾਂਦਾ ਹੈ।

– ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ ਵੀ ਤਖ਼ਤ ਸਾਹਿਬ ਉੱਤੇ ਮੌਜੂਦ ਹੈ।

– ਗੁਰੂ ਗੋਬਿੰਦ ਸਿੰਘ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਸਿੱਖ ਵੱਲੋਂ ਭੇਟ ਕੀਤੀ ਹੋਈ ਬੰਦੂਕ ਮੌਜੂਦ ਹੈ।  ਇਸ ਬੰਦੂਕ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਰੰਘਰੇਟੇ ਸਿੱਖਾਂ ਦੀ ਪਰਖ ਕੀਤੀ ਸੀ।

– ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਨਿਕਲਦੇ ਹੁਕਮਨਾਮਿਆਂ ਉਪਰ ਲਾਈ ਜਾਂਦੀ ਮੋਹਰ ਵੀ ਹਾਲੇ ਮੌਜੂਦ ਹੈ। ਇਹ ਮੋਹਰ ਧਾਤ ਦੀ ਬਣੀ ਹੋਈ ਹੈ।

– ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਰਦਾਨ ਪ੍ਰਾਪਤ ਸ਼ੀਸ਼ਾ ਮੌਜੂਦ ਹੈ ਜਿਸ ਵਿੱਚ ਮਰਿਆਦਾ ਪੂਰਵਕ ਤਿੰਨ ਦਿਨ ਦੇਖਣ ਉੱਤੇ ਲੱਕਵੇਂ ਕਾਰਨ ਵਿਗੜੇ ਹੋਏ ਮੂੰਹ ਵਾਲੇ ਵਿਅਕਤੀ ਠੀਕ ਹੋ ਜਾਣ ਦਾ ਵਰ ਪ੍ਰਾਪਤ ਹੈ। ਇਹ ਸ਼ੀਸ਼ਾ ਗੁਰੂ ਜੀ ਨੂੰ ਦਿੱਲੀ ਦੀ ਸੰਗਤ ਵੱਲੋਂ ਭੇਂਟ ਕੀਤਾ ਗਿਆ ਸੀ।

– ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਭਾਈ ਮਨੀ ਸਿੰਘ ਤੋਂ ਕਰਵਾਉਣ ਸਮੇਂ ਦੀ ਇਕ ਪੁਰਾਤਨ ਤਸਵੀਰ ਮੌਜੂਦ ਹੈ। ਇਹ ਚਿੱਤਰ ਕਿਸੇ  ਮੁਸਾਫਿਰ ਦਾ ਬਣਾਇਆ ਹੋਇਆ ਹੈ।

– ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਵੀ ਉਹ ਦੋ ਕਰੀਰ ਦੇ ਦਰੱਖਤ ਮੌਜੂਦ ਹਨ, ਜਿਨ੍ਹਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨ੍ਹਿਆ ਕਰਦੇ ਸਨ।

– ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸੱਜੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਭੋਰਾ ਮੌਜੂਦ ਹੈ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਸਿਮਰਨ ਅਤੇ ਅਭਿਆਸ ਕਰਿਆ ਕਰਦੇ ਸਨ।

– ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਪੋਥੀਆਂ ਲਿਖਦੇ ਸਨ। ਇਸ ਭੋਰਾ ਸਾਹਿਬ ਵਿਚ ਬਾਬਾ ਦੀਪ ਸਿੰਘ ਜੀ ਦੇ ਸ਼ਸ਼ਤਰ ਅਤੇ ਪੁਰਾਤਨ ਘੜਾ ਮੌਜੂਦ ਹੈ।

LEAVE A REPLY

Please enter your comment!
Please enter your name here