ਫਰਾਂਸ ਤੋਂ ਮੋੜੇ ਪੰਜਾਬੀ ਨੌਜਵਾਨ ਖੋਲ੍ਹਣ ਲੱਗੇ ਰਾਜ਼! ਟਰੈਵਲ ਏਜੰਟ ਖਿਲਾਫ ਕੇਸ ਦਰਜ

0
100549
ਫਰਾਂਸ ਤੋਂ ਮੋੜੇ ਪੰਜਾਬੀ ਨੌਜਵਾਨ ਖੋਲ੍ਹਣ ਲੱਗੇ ਰਾਜ਼! ਟਰੈਵਲ ਏਜੰਟ ਖਿਲਾਫ ਕੇਸ ਦਰਜ

ਪੰਜਾਬ ਪੁਲਿਸ ਨੇ ਫਰਾਂਸ ਤੋਂ ਵਾਪਸ ਆਈ ਡੌਂਕੀ ਫਲਾਈਟ ਵਿੱਚ ਸਵਾਰ ਅੰਮ੍ਰਿਤਸਰ ਦੇ 12 ਨੌਜਵਾਨਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਹੈ। ਇਨ੍ਹਾਂ ਵਿੱਚੋਂ ਸਿਰਫ਼ ਦੋ ਨੇ ਹੀ ਆਪਣੇ ਬਿਆਨ ਦਰਜ ਕਰਵਾਏ ਹਨ ਜਦਕਿ ਬਾਕੀ 10 ਨੇ ਆਪਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਵਾਂ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਨਾਲਾ ਤੇ ਮਹਿਤਾ ਥਾਣਿਆਂ ‘ਚ ਐਫਆਈਆਰ ਦਰਜ ਕਰ ਲਈ ਹੈ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਤਰਸੇਮ ਸਿੰਘ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਪਿੰਡ ਤਲਵੰਡੀ ਦੇ ਕੰਵਰਮਨ ਸਿੰਘ ਤੇ ਦਮਨਪ੍ਰੀਤ ਸਿੰਘ ਪਿੰਡ ਬੁੱਟਰ ਹਨ। ਪੁਲਿਸ ਨੇ ਤਰਸੇਮ ਸਿੰਘ ਖ਼ਿਲਾਫ਼ ਧਾਰਾ 420 ਧੋਖਾਧੜੀ, 120-ਬੀ ਸਾਜ਼ਿਸ਼ ਤੇ ਧਾਰਾ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਟਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਮੁਤਾਬਕ ਨਿਕਾਰਾਗੁਆ ਡੰਕੀ ਰੂਟ ਮਾਮਲੇ ਵਿੱਚ ਦੋ ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ ਵਿੱਚ ਲਗਪਗ 200 ਪੰਜਾਬੀਆਂ ਸਮੇਤ ਹੋਰ ਯਾਤਰੀਆਂ ਨੂੰ ਫਰਾਂਸ ਵਿੱਚ ਰੋਕਿਆ ਗਿਆ ਸੀ ਤੇ ਬਾਅਦ ਵਿੱਚ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਪੁਲਿਸ ਵੱਲੋਂ ਸੱਦੇ ਗਏ 12 ਪੀੜਤਾਂ ਵਿੱਚੋਂ ਸਿਰਫ ਦੋ ਨੇ ਆਪਣੇ ਬਿਆਨ ਦਰਜ ਕਰਨ ਲਈ ਸਹਿਮਤੀ ਦਿੱਤੀ ਜਦਕਿ ਬਾਕੀ ਪੀੜਤਾਂ ਨੇ ਪੁਲਿਸ ਨੂੰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।

ਪਿੰਡ ਤਲਵੰਡੀ ਦੇ ਕੰਵਰਮਨ ਸਿੰਘ ਤੇ ਪਿੰਡ ਬੁੱਟਰ ਸਿਵੀਆਂ ਦੇ ਦਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਅਜਨਾਲਾ ਤੇ ਮਹਿਤਾ ਥਾਣੇ ਵਿੱਚ ਦਰਜ ਕੀਤੇ ਗਏ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਬਟਾਲਾ ਦੇ ਤਰਸੇਮ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 420, 120-ਬੀ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਕੰਵਰਮਨ ਨੇ ਪੁਲਿਸ ਨੂੰ ਦੱਸਿਆ ਕਿ ਤਰਸੇਮ ਸਿੰਘ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਦੁਬਈ ਲਈ ਟਿਕਟਾਂ ਲਈਆਂ ਸਨ ਤੇ ਟਰੈਵਲ ਏਜੰਟ ਨੇ ਦੁਬਈ ਵਿੱਚ ਸੰਧੂ ਨਾਂ ਦੇ ਆਪਣੇ ਸਾਥੀ ਰਾਹੀਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਜਿਸ ਨੇ ਉਸ ਤੋਂ 5000 ਅਮਰੀਕੀ ਡਾਲਰ ਲਏ। ਉਸ ਨੇ ਕਿਹਾ ਕਿ ਉਹ ਉਸ ਨੂੰ ਨਿਕਾਰਾਗੁਆ ਰਾਹੀਂ ਅਮਰੀਕਾ ਭੇਜੇਗਾ।

ਨਿਕਾਰਾਗੁਆ ਪਹੁੰਚਣ ’ਤੇ ਉਸ ਨੂੰ ਅਮਰੀਕਾ ਦਾ ਵੀਜ਼ਾ ਸੌਂਪ ਦਿੱਤਾ ਜਾਵੇਗਾ। ਉਸ ਨੇ 21 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਲਈ ਹਵਾਈ ਉਡਾਣ ਲਈ ਸੀ ਪਰ ਉਨ੍ਹਾਂ ਨੂੰ ਫਰਾਂਸ ਵਿੱਚ ਰੋਕ ਦਿੱਤਾ ਗਿਆ ਤੇ ਬਾਅਦ ਵਿੱਚ ਭਾਰਤ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਰਸੇਮ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 42 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਦੋ ਐਫਆਈਆਰ ਦਰਜ ਕਰਨ ਤੋਂ ਬਾਅਦ ਬਾਕੀ ਪੀੜਤਾਂ ਨੂੰ ਕੁਝ ਹਿੰਮਤ ਮਿਲੇਗੀ ਤੇ ਉਹ ਇਮੀਗ੍ਰੇਸ਼ਨ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਆਪਣੇ ਬਿਆਨ ਦਰਜ ਕਰਵਾਉਣ ਲਈ ਅੱਗੇ ਆਉਣਗੇ। ਦੂਜੇ ਪਾਸੇ ਪੀੜਤ ਇਸ ਕਰਕੇ ਝਿਜਕ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੀ ਰਕਮ ਦੀ ਵਾਪਸੀ ਦੇ ਮੌਕੇ ਗੁਆ ਦੇਣਗੇ ਕਿਉਂਕਿ ਟਰੈਵਲ ਏਜੰਟਾਂ ਨੇ ਅਮਰੀਕਾ ਨਾ ਪੁੱਜਣ ’ਤੇ ਉਨ੍ਹਾਂ ਦੀ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ।

LEAVE A REPLY

Please enter your comment!
Please enter your name here