ਭਤੀਜੇ ਦੀ ਗ੍ਰਿਫ਼ਤਾਰੀ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਦਾ ਆਇਆ ਵੱਡਾ ਬਿਆਨ ਸਰਕਾਰ ਤੇ ਪੁਲਿਸ ਦੀ ਲਾਈ ਕਲਾਸ

0
100248
ਭਤੀਜੇ ਦੀ ਗ੍ਰਿਫ਼ਤਾਰੀ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਦਾ ਆਇਆ ਵੱਡਾ ਬਿਆਨ ਸਰਕਾਰ ਤੇ ਪੁਲਿਸ ਦੀ ਲਾਈ ਕਲਾਸ

ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਰਦਾਸ ਕਰ ਕੇ ਵਾਪਸ ਪਰਤ ਰਹੀ ਸੰਗਤ ਨੂੰ ਪੰਜਾਬ ਪੁਲੀਸ ਵੱਲੋਂ ਦਿਲੀ ਰੇਲਵੇ ਸਟੇਸ਼ਨ ਤੇ ਤੰਗ ਪ੍ਰੇਸ਼ਾਨ ਕਰਨ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਰਗਰਮ ਮੈਂਬਰ ਭਾਈ ਗੁਰਪ੍ਰੀਤ ਸਿੰਘ ਨੂੰ ਜਬਰੀ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੁਲੀਸ ਰਾਹੀਂ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ ਕਰਦਿਆਂ ਮਹੌਲ ਨੂੰ ਦਹਿਸ਼ਤ ਵਾਲਾ ਬਣਾ ਕੇ ਪੂਰਵਲੀਆਂ ਕਾਂਗਰਸ ਦੀਆਂ ਸਰਕਾਰਾਂ ਦੀ ਤਰਾਂ ਨੌਜਵਾਨਾਂ ਨੂੰ ਘਰ ਬਾਰ ਛੱਡਣ ਅਤੇ ਹਥਿਆਰ ਚੁੱਕਣ ਲਈ ਮਜਬੂਰ ਨਾ ਕਰੇ। ਇਨ੍ਹਾਂ ਤਲਖ਼ੀਆਂ ਦੇ ਚੰਗੇ ਸਿੱਟੇ ਨਹੀਂ ਨਿਕਲਣਗੇ।

ਉਨ੍ਹਾਂ ਬੇਕਸੂਰ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ ਤੁਰੰਤ ਬੰਦ ਕਰਨ ਅਤੇ ਭਾਈ ਗੁਰਪ੍ਰੀਤ ਸਿੰਘ ਨੂੰ ਬਿਨਾ ਦੇਰੀ ਰਿਹਾਅ ਕਰਨ ਲਈ ਕਿਹਾ। ਉਨ੍ਹਾਂ ਕਿਹਾ ਸੱਚਖੰਡ ਹਜ਼ੂਰ ਸਾਹਿਬ ਵਿਖੇ ਅਰਦਾਸ ਸਮਾਗਮ ਵਿਚ ਵਿਘਨ ਪਾਉਣ ਦੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਅਕਾਲ ਪੁਰਖ ਵਾਹਿਗੁਰੂ ਨੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਂ ਤਖ਼ਤਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਅਰਦਾਸ ਸਮਾਗਮ ਨਿਰੋਲ ਧਾਰਮਿਕ ਅਤੇ ਅਧਿਆਤਮਕ ਆਸਥਾ ਵਜੋਂ ਸਨ ।

ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਮਹਿਜ਼ ਕੁਝ ਦਿਨ ਪਹਿਲਾਂ ਸਿੱਖ ਸੰਗਤਾਂ ਵੱਲੋਂ ਪੰਜਾਬ ਸਰਕਾਰ ਦੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਬਾਰੇ ਘਟੀਆ ਟਿੱਪਣੀ ਕਰਨ ਲਈ ਸ੍ਰੀ ਹਜ਼ੂਰ ਸਾਹਿਬ ਘੇਰ ਕੇ ਸਵਾਲ ਕੀਤੇ ਸਨ। ਉਹ ਸੰਗਤ ਅੱਗੇ ਜਵਾਬਦੇਹੀ ਤੋਂ ਦੌੜਿਆ ਅਤੇ ਅੱਜ ਸਰਕਾਰੀ ਤਾਕਤ ਵਰਤ ਕੇ ਸਿੱਖ ਸੰਗਤਾਂ ਨੂੰ ਤੰਗ ਕਰਨ ਤੇ ਆ ਗਿਆ।

ਸਿਆਸੀ ਤੌਰ ਤੇ ਲਾਲ ਜੀਤ ਭੁੱਲਰ ਦੀ ਔਕਾਤ ਇਹੋ ਆ ਕਿ ਦੋ ਬਿੱਲੀਆਂ ਦੀ ਲੜਾਈ ਚ ਇਸ ਦਾ ਦਾਅ ਲੱਗ ਗਿਆ। ਪੱਟੀ ਸ਼ਹਿਰ ਵਿੱਚ ਵਿਕਦੇ ਨਸ਼ੇ ਤੇ ਇਸ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਜਿਹੜੀ ਪੁਲਿਸ ਨੂੰ ਇਸ ਨੇ ਦਿੱਲੀ ਭੇਜਿਆ, ਉਹੋ ਪੁਲਿਸ ਇਸ ਦੇ ਸ਼ਹਿਰ ਵਿੱਚ ਨਸ਼ੇ ਦੀ ਸਪਲਾਈ ਨਹੀਂ ਰੋਕ ਸਕੀ।

ਹੋ ਸਕਦਾ ਵਿਕਾਉਂਦੀ ਵੀ ਹੋਵੇ ? ਮੰਤਰੀ ਭੁੱਲਰ ਨੂੰ ਆਪਣੇ ਕਿਰਦਾਰ ਤੇ ਵੀ ਯਕੀਨ ਨਹੀਂ ਤਾਂ ਹੀ ਉਸ ਨੂੰ ਬਿਆਨ ਦੇਣੇ ਪੈਂਦੇ ਨੇ ਕਿ ਅਖੌਤੀ ਨੀਲੀਆਂ ਫ਼ਿਲਮਾਂ ਉਸ ਦੀਆਂ ਨਹੀਂ ਹਨ। ਮੰਤਰੀ ਲਾਲ ਜੀਤ ਸਿੰਘ ਭੁੱਲਰ ਨੇ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ (ਪਤਨੀ) ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਰੋਕਣ ਤੇ ਜੋ ਟਾਹਰਾਂ ਮਾਰੀਆਂ ਸਨ, ਕੀ ਬੀਬੀ ਕਿਰਨਦੀਪ ਕੌਰ ਦਾ ਦੋਸ਼ ਸਿਰਫ਼ ਏਨਾ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਹੈ ਜਾਂ ਕੋਈ ਹੋਰ ਵੀ ਹੈ? ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਮੁੱਢ ਤੋਂ ਪੰਜਾਬ ਦਾ ਦਸਤੂਰ ਰਿਹਾ ਕਿ ਪਿੰਡ ਪੱਧਰ ਦੀਆਂ ਲੜਾਈਆਂ ਵਿੱਚ ਵੀ ਧੀਆਂ ਭੈਣਾਂ ਨੂੰ ਨਹੀਂ ਘੜੀਸਿਆ ਜਾਂਦਾ।

ਪਰ ਰਾਜਨੀਤੀ ਇੰਨੀ ਗੰਧਲਾ ਚੁੱਕੀ ਹੈ ਕਿ ਧੀਆਂ ਭੈਣਾਂ ਨੂੰ ਮੋਹਰੇ ਵਜੋਂ ਇਸਤੇਮਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੱਗਾਂ ਵਾਲੇ ਮੰਤਰੀ, ਪੰਜਾਬ ਪੁਲਸ, ਅਤੇ ਓਸ ਪੁਲਸ ਚ ਕੰਮ ਕਰਦੇ ਘੋਟਣਿਆਂ ਤੇ ਬੁੱਚੜਾਂ ਦੇ ਵਾਰਿਸ ਆਪਣੇ ਜ਼ਾਲਮ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਸਿੱਖਾਂ ਨਾਲ ਹਰ ਕਿਸਮ ਦਾ ਤਸ਼ੱਦਦ ਕਰਕੇ ਆਪਣੇ ਆਪ ਨੂੰ ਭਾਰਤ ਮਾਂ ਦੇ ਸੱਚੇ ਸਪੂਤ ਸਾਬਤ ਕਰਨ ਤੇ ਲੱਗੇ ਹਨ।

ਪੰਜਾਬ ਸਰਕਾਰ ਕੋਲ ਕੋਈ ਵਕੀਲ ਹੈ ਨੀ ਕਿ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੇ ਵਿਰੁੱਧ ਸੁਪਰੀਮ ਕੋਰਟ ਚ ਭੇਜ ਸਕਣ। ਪਰ ਦੂਜੇ ਪਾਸੇ ਪੁਲਿਸ ਐਨੀ ਵਿਹਲੀ ਆ ਕਿ ਬੇਅਦਬੀਆਂ ਖਿਲਾਫ ਲੜਨ ਵਾਲਿਆਂ ਨੂੰ ਫੜਨ ਲਈ ਦਿੱਲੀ ਤੱਕ ਪਹੁੰਚ ਜਾਂਦੀ ਆ। ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਮੁੜਦੀ ਸੰਗਤ ਨੂੰ ਘੰਟਿਆਂ ਬਦੀ ਦਿੱਲੀ ਰੋਕ ਭਾਈ ਗੁਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਕਰਨੀ ਤੇ ਸੱਚਖੰਡ ਐਕਸਪ੍ਰੈੱਸ ਦੀ ਬਾਕੀ ਸਿੱਖ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨਾ ਸਿਰਫ਼ ਤਾਕਤ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਬਿਗਾਨੀ ਤਾਕਤ ਨਾ ਤੇ ਲਾਲ ਜੀਤ ਵਰਗਿਆਂ ਕੋਲ ਟਿਕਣੀ ਆ ਤੇ ਨਾ ਹੀ ਘੋਟਣਿਆਂ ਕੋਲ। ਇਹ ਜ਼ੁਲਮ ਸਿੱਖ ਰੂਹਾਂ ਨੂੰ ਘਿਓ ਵਾਂਗੂੰ ਲੱਗਦੇ ਰਹੇ ਨੇ ਤੇ ਇਹ ਸਿਦਕ ਏਦਾਂ ਹੀ ਪੱਕੇ ਹੁੰਦੇ ਰਹੇ ਨੇ।

LEAVE A REPLY

Please enter your comment!
Please enter your name here