CM ਭਗਵੰਤ ਮਾਨ ਦੀ ਵਾਇਰਲ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ‘ਸੋਨੇ ਦੇ ਕੰਗਣਾ’ ਗੀਤ ਗਾਇਆ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਦੋਂ ਭਗਵੰਤ ਮਾਨ ਆਪਣੀ ਕਾਰ ਵਿੱਚ ਬੈਠ ਕੇ ਇਹ ਗੀਤ ਗਾ ਰਹੇ ਸਨ ਤਾਂ ਉਨ੍ਹਾਂ ਨਾਲ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਗੀਤ ਤੋਂ ਬਾਅਦ ਸੀਐਮ ਮਾਨ ਦੀ ਆਵਾਜ਼ ਦੀ ਤਾਰੀਫ਼ ਕੀਤੀ।
ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਇਕ ਹੋਰ ਵਿਅਕਤੀ ਵੀ ਮੌਜੂਦ ਸੀ। ਗਾਇਕ ਸੁਖਵਿੰਦਰ ਨੇ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠੇ ਭਗਵੰਤ ਮਾਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਡੇ ਨਾਲ ਬੈਠੇ ਹਨ ਅਤੇ ਉਹ ਬਹੁਤ ਹੀ ਨਿਮਾਣੇ ਵਿਅਕਤੀ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਦਾ ਪੁਰਾਣਾ ਗੀਤ ‘ਸੋਨੇ ਦੇ ਕੰਗਣਾ’ ਗਾਉਣ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ ਹੀ ਸੀ.ਐਮ. ਨੇ ਇਹ ਗੀਤ ਗਾਣਾ ਗਾਇਆ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਇੱਕ ਕਾਮੇਡੀਅਨ ਹੋਣ ਦੇ ਨਾਲ-ਨਾਲ ਗਾਇਕ ਅਤੇ ਅਦਾਕਾਰ ਵੀ ਸਨ। ਉਸਨੇ ਕਈ ਐਲਬਮਾਂ ਵੀ ਰਿਲੀਜ਼ ਕੀਤੀਆਂ, ਜਿਨ੍ਹਾਂ ਵਿੱਚੋਂ “ਕੁਲਫੀ ਗਰਮ-ਗਰਮ” ਨੇ ਮਾਨ ਨੂੰ ਖੂਬ ਪ੍ਰਸਿੱਧੀ ਤੇ ਨਾਮ ਦਿੱਤਾ ਸੀ।
ਵਿਰੋਧੀ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ
ਵਿਰੋਧੀ ਧਿਰ ਦੇ ਨੇਤਾਵਾਂ ਨੇ ਮੁੱਖ ਮੰਤਰੀ ਮਾਨ ਨੂੰ ਆਪਣਾ ਗੀਤ ਗਾਉਣ ‘ਤੇ ਨਿਸ਼ਾਨਾ ਬਣਾਇਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਿਖਿਆ ਕਿ ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਦਾ ਇਸ ਤਰ੍ਹਾਂ ਦਾ ਗੀਤ ਗਾਉਣਾ ਠੀਕ ਨਹੀਂ ਹੈ। ਜਾਖੜ ਨੇ ਆਪਣੀ ਪੋਸਟ ‘ਚ ਕਿਹਾ ਕਿ ਮਾਨ ਟੱਪੇ ਗਾ ਰਹੇ ਹਨ ਅਤੇ ਉਨ੍ਹਾਂ ਦੇ ਗ੍ਰਹਿ ਜ਼ਿਲਾ ਸੰਗਰੂਰ ‘ਚ ਲੋਕ ਜ਼ਹਿਰੀਲੀ ਸ਼ਰਾਬ ਨਾਲ ਮਰ ਰਹੇ ਹਨ। ਬਿਲਕੁਲ ਸੱਚ ਹੈ ਜਨਾਬ – ਲੀਡਰ ਰਹਿਤ ਰਾਜ – ਇੱਕ ਬੇੜੀ ਬਿਨਾਂ ਪਤਵਾਰ।