ਭਿਆਨਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

0
100029
ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਬੀਤੀ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਨੌਸ਼ਿਹਰਾ ਮੱਝਾ ਸਿੰਘ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਇਹ ਚਾਰੇ ਦੋਸਤ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿੱਚ ਸਵਾਰ ਹੋ ਕੇ ਦੇਰ ਰਾਤ ਕਸਬਾ ਧਾਰੀਵਾਲ ਤੋਂ ਬਟਾਲਾ ਦੀ ਤਰਫ ਆ ਰਹੇ ਸੀ। ਅਚਾਨਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਇਨ੍ਹਾਂ ਦੀ ਗੱਡੀ ਪਿੱਛੋਂ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ ਗੱਡੀ ਦੇ ਪਰਖੱਚੇ ਉੱਡ ਗਏ ਜਿਸ ਵਿੱਚ ਤਿੰਨ ਦੋਸਤਾਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ।

ਤਿੰਨੇ ਮ੍ਰਿਤਕ ਕਸਬਾ ਧਾਰੀਵਾਲ ਦੇ ਹੀ ਰਹਿਣ ਵਾਲੇ ਸਨ ਜਿਨ੍ਹਾਂ ਦੀ ਪਛਾਣ ਪੰਕਜ ਕੁਮਾਰ ਪੁੱਤਰ ਵਿਨੋਦ ਸ਼ਰਮਾ ਵਾਸੀ ਧਾਰੀਵਾਲ, ਰਜਤਪ੍ਰੀਤ ਪੁੱਤਰ ਸਵਰਗੀ ਜਰਨੈਲ ਸਿੰਘ ਵਾਸੀ ਫਾਜੂਪੁਰ, ਭੁਪਿੰਦਰ ਰਾਏ ਪੁੱਤਰ ਸੰਜੀਵ ਕੁਮਾਰ ਵਾਸੀ ਧਾਰੀਵਾਲ ਵਜੋਂ ਹੋਈ ਹੈ। ਪੰਕਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਫਾਜੂਪੁਰ ਗੰਭੀਰ ਜ਼ਖ਼ਮੀ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਨੌਜਵਾਨ ਪੰਕਜ ਕੁਮਾਰ ਪੇਸ਼ੇ ਵਜੋਂ ਅਧਿਆਪਕ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਹਾਦਸੇ ਦੌਰਾਨ ਰਜਤਪ੍ਰੀਤ ਗੱਡੀ ਚਲਾ ਰਿਹਾ ਸੀ। ਫਿਲਹਾਲ ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਜਸਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੋਪੋਕੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਚਾਰੇ ਦੋਸਤ ਸ਼ਾਮ ਨੂੰ ਘਰੋਂ ਬਟਾਲਾ ਲਈ ਨਿਕਲੇ ਸਨ। ਬਟਾਲਾ ਨੂੰ ਜਾਂਦੇ ਸਮੇਂ ਪਿੰਡ ਨੌਸ਼ਹਿਰਾ ਮੱਝਾ ਸਿੰਘ ਨੇੜੇ ਇਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਜਖਮੀ ਹੋਏ ਪੰਕਜ ਕੁਮਾਰ ਨੇ ਹੀ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਕਾਰ ਇੱਕ ਟਰਾਲੀ ਦੇ ਪਿੱਛੇ ਵਜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਜਾ ਕੇ ਜ਼ਖ਼ਮੀ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਪਰ ਇਸ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।

ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਭੇਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here