ਭਿਆਨਕ ਸੜਕ ਹਾਦਸੇ ‘ਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, 15 ਫਰਵਰੀ ਨੂੰ ਜਾਣਾ ਸੀ ਕੈਨੇਡਾ 

0
100116
ਭਿਆਨਕ ਸੜਕ ਹਾਦਸੇ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, 15 ਫਰਵਰੀ ਨੂੰ ਜਾਣਾ ਸੀ ਕੈਨੇਡਾ 

ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ ਦੇ ਨਿਰਮਾਣ ਅਧੀਨ ਟੋਲ ‘ਤੇ ਭਿਆਨਕ ਹਾਦਸਾ ਵਾਪਰਿਆ ਹੈ। ਹਾਈਵੇ ‘ਤੇ ਟੋਲ ਕੰਪਨੀ ਵੱਲੋਂ ਬਣਾਏ ਡਿਵਾਈਡਰ ਨਾਲ ਮਾਰੂਤੀ ਕਾਰ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਅੰਮ੍ਰਿਤਪਾਲ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੇ 15 ਫਰਵਰੀ ਨੂੰ ਕੈਨੇਡਾ ਜਾਣਾ ਸੀ।

ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਹਾਦਸੇ ਲਈ ਟੋਲ ਪਲਾਜ਼ਾ ਪ੍ਰਬੰਧਕ ਜ਼ਿੰਮੇਵਾਰ ਹਨ। ਇਹ ਹਾਦਸਾ ਟੋਲ ਪਲਾਜ਼ਾ ਅੱਗੇ ਸੂਚਨਾ ਬੋਰਡ ਤੇ ਲਾਈਟਾਂ ਆਦਿ ਨਾ ਹੋਣ ਕਾਰਨ ਵਾਪਰਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਸਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਟੋਲ ਪਲਾਜ਼ਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਹਰ ਰੋਜ਼ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਦੇ ਰੋਸ ਵਜੋਂ 12 ਫਰਵਰੀ ਨੂੰ ਟੋਲ ਰੋਡ ’ਤੇ ਧਰਨਾ ਦਿੱਤਾ ਜਾਵੇਗਾ ਤੇ ਹਾਈਵੇਅ ਜਾਮ ਕੀਤਾ ਜਾਵੇਗਾ।

ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 21 ਸਾਲਾ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਤੇ ਉਸ ਦਾ ਦੋਸਤ ਜਗਸੀਰ ਸਿੰਘ ਆਪਣੀ ਮਾਰੂਤੀ ਕਾਰ ਵਿੱਚ ਨਿਹਾਲ ਸਿੰਘ ਵਾਲਾ ਤੋਂ ਬਰਨਾਲਾ ਵੱਲ ਪਰਤ ਰਹੇ ਸਨ। ਜਦੋਂ ਉਹ ਪਿੰਡ ਮੱਲੀਆਂ ਦੇ ਟੋਲ ਪਲਾਜ਼ਾ ‘ਤੇ ਪਹੁੰਚੇ ਤਾਂ ਕਾਰ ਟੋਲ ਪਲਾਜ਼ਾ ਦੀਆਂ ਪੱਥਰ ਦੀਆਂ ਕੰਧਾਂ ਨਾਲ ਟਕਰਾ ਗਈ। ਉਥੇ ਕੋਈ ਬਿਜਲੀ ਦੀਆਂ ਲਾਈਟਾਂ ਤੇ ਕੋਈ ਸਾਈਨ ਬੋਰਡ ਨਹੀਂ ਸੀ।

ਇਸ ਭਿਆਨਕ ਸੜਕ ਹਾਦਸੇ ਵਿੱਚ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਸ ਦਾ ਦੋਸਤ ਜਗਸੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਅੰਮ੍ਰਿਤਪਾਲ ਸਿੰਘ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਤੇ ਵਿਧਵਾ ਮਾਂ ਦਾ ਸਹਾਰਾ ਸੀ। ਉਸ ਨੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ 15 ਫਰਵਰੀ ਨੂੰ ਕੈਨੇਡਾ ਜਾਣਾ ਸੀ।

ਇਸ ਮਾਮਲੇ ਸਬੰਧੀ ਤਫਤੀਸ਼ੀ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਜ਼ਖਮੀ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਸਰਪੰਚ ਤਰਨਜੀਤ ਸਿੰਘ ਦੁੱਗਲ, ਸਰਪੰਚ ਹਰਸਰਨ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਟੋਲ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਵੀ ਨਾਜਾਇਜ਼ ਤੌਰ ’ਤੇ ਬਣਾਇਆ ਜਾ ਰਿਹਾ ਹੈ। ਹੁਣ ਤੱਕ ਟੋਲ ਪਲਾਜ਼ਾ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਤੇ ਲੱਖਾਂ ਰੁਪਏ ਦੇ ਵਾਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੇ ਨਾਲ-ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ 12 ਫਰਵਰੀ ਨੂੰ ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਜਾਮ ਲਾ ਕੇ ਟੋਲ ਪਲਾਜ਼ਾ ’ਤੇ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here