ਭੁਲੱਥ ‘ਚ ਬੇਅਦਬੀ ਦੀ ਘਟਨਾ, ਲੋਕਾਂ ਨੇ ਫੜ ਕੇ ਸ਼ਖਸ ਨੂੰ ਚਾੜ੍ਹਿਆ ਕੁਟਾਪਾ, ਪੁਲਿਸ ਛਾਉਣੀ ਬਣਿਆ ਸਿਵਲ ਹਸਪਤਾਲ

0
79
ਭੁਲੱਥ 'ਚ ਬੇਅਦਬੀ ਦੀ ਘਟਨਾ, ਲੋਕਾਂ ਨੇ ਫੜ ਕੇ ਸ਼ਖਸ ਨੂੰ ਚਾੜ੍ਹਿਆ ਕੁਟਾਪਾ, ਪੁਲਿਸ ਛਾਉਣੀ ਬਣਿਆ ਸਿਵਲ ਹਸਪਤਾਲ
Spread the love

ਗੁਰੂ ਗ੍ਰੰਥ ਸਾਹਿਬ ਬੇਦਬੀ: ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਕਪੂਰਥਲਾ ਦੇ ਭੁਲੱਥ ਹਲਕੇ ਦੀ ਹੈ, ਜਿਥੇ ਪਿੰਡ ਬਗਵਾਨਪੁਰ ਦੇ ਗੁਰਦੁਆਰਾ ਸਾਹਿਬ ‘ਚ ਇੱਕ ਸ਼ਖਸ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸ਼ਖਸ ਨੂੰ ਗ੍ਰੰਥੀ ਸਿੰਘ ਨੇ ਫੜ ਲਿਆ ਅਤੇ ਹਾਜ਼ਰ ਲੋਕਾਂ ਨੇ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ। ਪੁਲਿਸ ਵੱਲੋਂ ਜ਼ਖ਼ਮੀ ਸ਼ਖਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਭਾਰੀ ਗਿਣਤੀ ਵਿੱਚ ਸੰਗਤ ਸਿਵਲ ਹਸਪਤਾਲ ਦੇ ਬਾਹਰ ਮੁਲਜ਼ਮ ਖਿਲਾਫ਼ ਕਾਰਵਾਈ ਲਈ ਡੱਟ ਕੇ ਖੜੀ ਵਿਖਾਈ ਦਿੱਤੀ। ਪੁਲਿਸ ਵੱਲੋਂ ਲੋਕਾਂ ਦੇ ਰੋਹ ਨੂੰ ਵੇਖਦਿਆਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਦੇ ਡਰੋਂ ਸਿਵਲ ਹਸਪਤਾਲ ਦੇ ਆਲੇ-ਦੁਆਲੇ ਸਖਤ ਪਹਿਰਾ ਲਗਾ ਰੱਖਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੀਆਂ ਸਨ। ਇਸ ਦੌਰਾਨ ਹੀ ਇੱਕ ਸ਼ਖਸ ਵੱਲੋਂ ਗੁਰੂ ਘਰ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਦਿੱਤੇ ਗਏ। ਇਸ ਵਰਤਾਰੇ ਨੂੰ ਗ੍ਰੰਥੀ ਸਿੰਘ ਵੱਲੋਂ ਮੌਕੇ ‘ਤੇ ਵੇਖਿਆ ਦੱਸਿਆ ਜਾ ਰਿਹਾ ਹੈ, ਜਿਸ ਨੇ ਸ਼ਖਸ ਨੂੰ ਉਦੋਂ ਹੀ ਫੜ ਲਿਆ। ਇਸ ਤੋਂ ਬਾਅਦ ਹਾਜ਼ਰ ਲੋਕਾਂ ਵੱਲੋਂ ਸ਼ਖਸ ਦੀ ਜੰਮ ਕੇ ਕੁੱਟ ਕੀਤੀ ਗਈ, ਜਿਸ ਦੌਰਾਨ ਉਸ ਦੀ ਬਾਂਹ ਵੀ ਟੁੱਟ ਗਈ ਦੱਸੀ ਜਾ ਰਹੀ ਹੈ।

ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਬੇਅਦਬੀ ਕਰਨ ਵਾਲੇ ਨੂੰ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਧਰ, ਪਿੰਡ ਵਾਸੀਆਂ ਅਤੇ ਸੰਗਤ ਵਿੱਚ ਘਟਨਾ ਕਾਰਨ ਭਖਵਾਂ ਰੋਸ ਪਾਇਆ ਗਿਆ, ਜਿਸ ਕਾਰਨ ਸਿਵਲ ਹਸਪਤਾਲ ਦੇ ਬਾਹਰ ਰੋਡ ਜਾਮ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਮਾਹੌਲ ਤਣਾਅਪੂਰਨ ਹੁੰਦਾ ਵੇਖ ਕੇ ਸਿਵਲ ਹਸਪਤਾਲ ਦੇ ਬਾਹਰ ਪਹਿਰਾ ਲਾਇਆ ਹੋਇਆ ਹੈ ਅਤੇ ਸੰਗਤ ਨੂੰ ਸਮਝਾਇਆ ਵੀ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਪੁਲਿਸ ‘ਤੇ ਭਰੋਸਾ ਰੱਖ ਕੇ ਮਾਹੌਲ ਸ਼ਾਂਤ ਕਰਨ ਲਈ ਕਿਹਾ ਹੈ ਅਤੇ ਮੁਲਜ਼ਮ ਖਿਲਾਫ਼ ਬਣਦੀਆਂ ਧਾਰਾਵਾਂ ਲਾ ਕੇ ਸਜ਼ਾ ਦਿਵਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ।

 

 

LEAVE A REPLY

Please enter your comment!
Please enter your name here