ਲੰਪੀ ਸਕਿਨ ਰੋਕਣ ਲਈ ਸਰਕਾਰ ਦਾ ਐਕਸ਼ਨ ਮੋਡ, ਪੰਜਾਬ ਦੀਆਂ 25 ਲੱਖ ਤੋਂ ਵੱਧ ਗਊਆਂ ਨੂੰ ਲੱਗਣਗੇ ਟੀਕੇ

0
100019
ਲੰਪੀ ਸਕਿਨ ਰੋਕਣ ਲਈ ਸਰਕਾਰ ਦਾ ਐਕਸ਼ਨ ਮੋਡ, ਪੰਜਾਬ ਦੀਆਂ 25 ਲੱਖ ਤੋਂ ਵੱਧ ਗਊਆਂ ਨੂੰ ਲੱਗਣਗੇ ਟੀਕੇ

ਪੰਜਾਬ ਸਰਕਾਰ ਲੰਪੀ ਸਕਿਨ ਬਿਮਾਰੀ ਨੂੰ ਰੋਕਣ ਲਈ ਐਕਸ਼ਨ ਮੋਡ ਵਿੱਚ ਹੈ। ਇਸ ਲਈ ਸਰਕਾਰ ਵੱਲੋਂ ਸੂਬੇ ਭਰ ਵਿੱਚ 25 ਲੱਖ ਤੋਂ ਵੱਧ ਗਊਆਂ ਨੂੰ ਟੀਕਾ ਲਾਉਣ ਦੀ ਰਣਨੀਤੀ ਬਣਾਈ ਹੈ। ਇਸ ਬਾਰੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਸ਼ੂਆਂ ਦੇ ਲੰਪੀ ਸਕਿਨ ਤੋਂ ਅਗਾਊਂ ਬਚਾਅ ਲਈ 25 ਲੱਖ ਤੋਂ ਵੱਧ ਗਊ-ਵੰਸ਼ ਨੂੰ ਟੀਕਾ ਲਾਉਣ ਲਈ ਵਿਆਪਕ ਮੁਹਿੰਮ 25 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਇੱਥੇ ਪੰਜਾਬ ਭਵਨ ਵਿਖੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵਿਕਾਸ ਪ੍ਰਤਾਪ ਨਾਲ ਵੱਖ-ਵੱਖ ਵਿਭਾਗੀ ਪ੍ਰਾਜੈਕਟਾਂ ਤੇ ਕੰਮਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਦੱਸਿਆ ਕਿ ਇਸ ਬਿਮਾਰੀ ਦੇ ਕਿਸੇ ਵੀ ਸੰਭਾਵਤ ਫੈਲਾਅ ਦੀ ਰੋਕਥਾਮ ਲਈ ਹੁਣ ਤੀਜੀ ਵਾਰ ਬੂਸਟਰ ਡੋਜ਼ ਵਜੋਂ ਲਗਾਈ ਜਾਵੇਗੀ। ਪਿਛਲੇ ਸਾਲ ਦੇਸ਼ ਭਰ ਵਿੱਚ ਬਿਮਾਰੀ ਦੇ ਫੈਲਾਅ ਤੋਂ ਬਾਅਦ ਸੂਬੇ ਵਿੱਚ ਇਸ ਦੀ ਰੋਕਥਾਮ ਲਈ ਪਸ਼ੂਆਂ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਸੀ। ਟੀਕਾਕਰਨ ਲਈ ਦਵਾਈ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਕੋਲਡ ਚੇਨ ਕਾਇਮ ਰੱਖਣ ਲਈ ਵੀ ਕਿਹਾ।

ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਿਧੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮਹੀਨੇ ਦੇ ਅੰਦਰ ਵਿਆਪਕ ਟੀਕਾਕਰਨ ਕਾਰਜ ਯੋਜਨਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਵਿਭਾਗ ਦੇ ਫੀਲਡ ਸਟਾਫ਼ ਨੂੰ ਵੀ ਹਦਾਇਤ ਕੀਤੀ ਕਿ ਉਹ ਪਸ਼ੂ ਪਾਲਕਾਂ ਨੂੰ ਵੱਖ-ਵੱਖ ਟੀਕਾਕਰਨ ਮੁਹਿੰਮਾਂ ਦੇ ਲਾਭ ਬਾਰੇ ਜਾਗਰੂਕ ਕਰਨ ਅਤੇ ਇਸ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਏਸੀਐਸ ਵਿਕਾਸ ਪ੍ਰਤਾਪ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ ਵਿੱਚ 6.37 ਕਰੋੜ ਰੁਪਏ ਦੀ ਲਾਗਤ ਨਾਲ ਡੀਵਾਰਮਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ 10 ਫ਼ਰਵਰੀ ਨੂੰ ਖ਼ਤਮ ਹੋਵੇਗੀ। ਇਸ ਤੋਂ ਇਲਾਵਾ ਸੂਬੇ ਦੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ 1.56 ਕਰੋੜ ਰੁਪਏ ਦੀਆਂ ਦਵਾਈਆਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਨੇ ਹਾਲ ਹੀ ਵਿੱਚ ਮੂੰਹਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਵਿਆਪਕ ਟੀਕਾਕਰਨ ਮੁਹਿੰਮ ਮੁਕੰਮਲ ਕੀਤੀ ਹੈ।

ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਕਲੀਨਿਕਸ ਡਾ. ਐਸਐਸ ਰੰਧਾਵਾ, ਐਚਓਡੀ ਵੈਟਰਨਰੀ ਮੈਡੀਸਨ ਡਾ. ਅਸ਼ਵਨੀ ਕੁਮਾਰ, ਪਸ਼ੂ ਰੋਗ ਖੋਜ ਕੇਂਦਰ ਦੇ ਪ੍ਰਿੰਸੀਪਲ ਸਾਇੰਸਟਿਸਟ ਅਤੇ ਇੰਚਾਰਜ ਡਾ. ਐਮਐਸ ਬੱਲ, ਪਸ਼ੂ ਰੋਗ ਖੋਜ ਕੇਂਦਰ ਦੇ ਪ੍ਰਿੰਸੀਪਲ ਸਾਇੰਸਟਿਸਟ ਡਾ. ਵਿਸ਼ਾਲ ਮਹਾਜਨ, ਡਾਇਰੈਕਟਰ ਸੈਂਟਰ ਫ਼ਾਰ ਵਨ ਹੈਲਥ ਡਾ. ਜੇਐੱਸ ਬੇਦੀ ਅਤੇ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here