ਵਿਸ਼ਵ ਜਲ ਦਿਵਸ 2024: ਕਿਸੇ ਸਮੇਂ ਦੁਨੀਆਂ ‘ਚ ਹਰ ਪਾਸੇ ਨਦੀਆਂ, ਛੱਪੜ, ਨਹਿਰਾਂ ਅਤੇ ਖੂਹ ਹੀ ਨਜ਼ਰ ਆਉਂਦੇ ਸਨ, ਪਰ ਉਦਯੋਗੀਕਰਨ ਦੇ ਰਾਹ ਤੁਰੀ ਇਸ ਨਵੀਂ ਦੁਨੀਆਂ ਨੇ ਇਸ ਦ੍ਰਿਸ਼ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਛੱਪੜ, ਖੂਹ, ਨਹਿਰਾਂ ਆਦਿ ਸੁੱਕ ਰਹੇ ਹਨ। ਅਤੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਣ ਕਾਰਨ ਘੱਟ ਰਿਹਾ ਹੈ।
ਦਸ ਦਈਏ ਕਿ ਦੁਨੀਆ ‘ਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਵਿਸ਼ਵ ਜਲ ਦਿਵਸ ਹਰ ਸਾਲ 22 ਮਾਰਚ ਨੂੰ ਦੁਨੀਆਂ ਭਰ ‘ਚ ਮਨਾਇਆ ਜਾ ਰਿਹਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੋਕਾਂ ਨੂੰ ਪਾਣੀ ਦੀ ਮਹੱਤਤਾ ਸਮਝਾਉਣ ਅਤੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੈ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸੰਸਾਰ ‘ਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਲਗਭਗ 32 ਸਾਲ ਪਹਿਲਾਂ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਜੇਕਰ ਮਨੁੱਖ ਨੇ ਸਮੇਂ ਸਿਰ ਪਾਣੀ ਦੀ ਮਹੱਤਤਾ ਨੂੰ ਨਾ ਸਮਝਿਆ ਤਾਂ ਅਗਲਾ ਵਿਸ਼ਵ ਯੁੱਧ ਪਾਣੀ ਨੂੰ ਲੈ ਕੇ ਹੋਵੇਗਾ। ਦੱਸਿਆ ਜਾਂਦਾ ਹੈ ਕਿ ਇਹ ਭਵਿੱਖਬਾਣੀ ਸੰਯੁਕਤ ਰਾਸ਼ਟਰ ਦੇ ਛੇਵੇਂ ਸਕੱਤਰ ਜਨਰਲ ਬੋਤਰੋਸ ਘਾਲੀ ਨੇ ਕੀਤੀ ਹੈ। ਉਨ੍ਹਾਂ ਤੋਂ ਇਲਾਵਾ 1995 ‘ਚ ਵਿਸ਼ਵ ਬੈਂਕ ਦੇ ਇਸਮਾਈਲ ਸੇਰਾਗਲਾਦੀਨ ਨੇ ਵੀ ਸੰਸਾਰ ‘ਚ ਪਾਣੀ ਦੇ ਸੰਕਟ ਦੀ ਤੀਬਰਤਾ ਨੂੰ ਦੇਖਦੇ ਹੋਏ ਦੱਸਿਆ ਸੀ ਕਿ ਇਸ ਵਾਰ ਤੇਲ ਲਈ ਜੰਗ ਹੈ ਪਰ ਅਗਲੀ ਸਦੀ ਦੀ ਜੰਗ ਪਾਣੀ ਲਈ ਹੋਵੇਗੀ। ਇੱਕ ਵਾਰ ਆਪਣੇ ਸੰਬੋਧਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲੋਕਾਂ ਨੂੰ ਇਹ ਯਾਦ ਰੱਖਣ ਦੀ ਚੇਤਾਵਨੀ ਦਿੱਤੀ ਸੀ ਕਿ ਅੱਗ ਪਾਣੀ ‘ਚ ਵੀ ਹੁੰਦੀ ਹੈ ਅਤੇ ਅਜਿਹਾ ਨਾ ਹੋਵੇ ਕਿ ਅਗਲਾ ਵਿਸ਼ਵ ਯੁੱਧ ਪਾਣੀ ਦੇ ਮੁੱਦੇ ‘ਤੇ ਹੀ ਹੋ ਜਾਵੇ।
ਕਿਉਂ ਮਨਾਇਆ ਜਾਂਦਾ ਹੈ ‘ਵਿਸ਼ਵ ਜਲ ਦਿਵਸ’ :
ਹਰ ਸਾਲ 22 ਮਾਰਚ ਨੂੰ ਪਾਣੀ ਦੀ ਬਰਬਾਦੀ ਨੂੰ ਰੋਕਣ, ਇਸ ਦੀ ਮਹੱਤਤਾ ਨੂੰ ਸਮਝਾਉਣ ਅਤੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਜਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਦੀ ਸ਼ੁਰੂਆਤ 1992 ‘ਚ ਰੀਓ ਡੀ ਜਨੇਰੀਓ ‘ਚ ਆਯੋਜਿਤ ਵਾਤਾਵਰਣ ਅਤੇ ਵਿਕਾਸ ਬਾਰੇ ਸੰਯੁਕਤ ਰਾਸ਼ਟਰ ਸੰਮੇਲਨ ਦੌਰਾਨ ਕੀਤੀ ਗਈ ਸੀ। ਜਿਸ ਤੋਂ ਬਾਅਦ 22 ਮਾਰਚ 1993 ਨੂੰ ਪਹਿਲੀ ਵਾਰ ਵਿਸ਼ਵ ਜਲ ਦਿਵਸ ਮਨਾਇਆ ਗਿਆ।
ਕਿਵੇਂ ਮਨਾਇਆ ਜਾਂਦਾ ਹੈ ‘ਵਿਸ਼ਵ ਜਲ ਦਿਵਸ’ :
ਹਰ ਸਾਲ ਵਿਸ਼ਵ ਜਲ ਦਿਵਸ ਦੇ ਮੌਕੇ ‘ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਭਾਸ਼ਣਾਂ, ਕਵਿਤਾਵਾਂ ਅਤੇ ਕਹਾਣੀਆਂ ਰਾਹੀਂ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਇਸ ਦੀ ਮਹੱਤਤਾ ਨੂੰ ਸਮਝਣ ਦਾ ਉਪਰਾਲਾ ਕੀਤਾ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਤਸਵੀਰਾਂ ਅਤੇ ਪੋਸਟਰ ਸ਼ੇਅਰ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਉਦੇਸ਼ ਲੋਕਾਂ ਨੂੰ ਪਾਣੀ ਦੀ ਮਹੱਤਤਾ ਨੂੰ ਸਮਝਾਉਣਾ ਹੈ।
ਧਰਤੀ ਦਾ ਸਿਰਫ਼ ਇੱਕ ਫ਼ੀਸਦੀ ਪਾਣੀ ਪੀਣ ਯੋਗ ਹੈ :
ਦੱਸ ਦੇਈਏ ਕਿ ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਪਰ ਉਸ ‘ਚੋ ਸਿਰਫ਼ ਤਿੰਨ ਫ਼ੀਸਦੀ ਹੀ ਪੀਣ ਯੋਗ ਹੈ। ਜਿਨ੍ਹਾਂ ‘ਚੋ ਦੋ ਫੀਸਦੀ ਬਰਫ ਅਤੇ ਗਲੇਸ਼ੀਅਰ ਦੇ ਰੂਪ ‘ਚ ਹੈ। ਅਜਿਹੇ ‘ਚ ਪਸ਼ੂਆਂ ਲਈ ਸਿਰਫ਼ ਇੱਕ ਫ਼ੀਸਦੀ ਪਾਣੀ ਹੀ ਪੀਣ ਯੋਗ ਹੈ।
ਪਾਣੀ ਦੇ ਸੰਕਟ ਦੇ ਮੁੱਖ ਕਾਰਨ :
ਮਾਹਿਰਾਂ ਮੁਤਾਬਕ ਵਿਕਾਸ ਦੇ ਨਾਂ ’ਤੇ ਅੰਨ੍ਹੇਵਾਹ ਉਸਾਰੀ ਕਾਰਨ ਕੁਦਰਤ ਦਾ ਬਹੁਤ ਨੁਕਸਾਨ ਹੋਇਆ ਹੈ। ਦਰੱਖਤ ਲਗਾਤਾਰ ਕੱਟੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ ਹਨ। ਦਸ ਦਈਏ ਕਿ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਅਤੇ ਫੈਕਟਰੀਆਂ ਤੋਂ ਨਿਕਲਦੇ ਧੂੰਏਂ ਕਾਰਨ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਫੈਕਟਰੀਆਂ ‘ਚੋ ਨਿਕਲਣ ਵਾਲਾ ਕੂੜਾ ਦਰਿਆਵਾਂ ‘ਚ ਚਲਾ ਜਾਂਦਾ ਹੈ, ਜਿਸ ਕਾਰਨ ਬਾਕੀ ਬਚਦਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਰੁੱਖਾਂ ਅਤੇ ਪੌਦਿਆਂ ਦੀ ਘਾਟ ਕਾਰਨ ਧਰਤੀ ‘ਤੇ ਆਕਸੀਜਨ ਦੀ ਘਾਟ ਹੈ। ਜਿਸ ਕਾਰਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਜੇਕਰ ਲੋਕ ਅਜੇ ਵੀ ਪਾਣੀ ਦੀ ਸੰਭਾਲ ਅਤੇ ਬਚਾਅ ਪ੍ਰਤੀ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ‘ਚ ਸਥਿਤੀ ਬਹੁਤ ਭਿਆਨਕ ਹੋਵੇਗੀ।