ਗੜ੍ਹਸ਼ੰਕਰ: ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਗੋਲੀਆਂ ਕੋਲ ਵੋਲਵੋ ਟੂਰਿਸਟ ਲਗਜ਼ਰੀ ਬੱਸ ਅਤੇ ਮੋਟਰ ਸਾਈਕਲ ਦੀ ਹੋਈ ਸਿੱਧੀ ਟੱਕਰ ਵਿੱਚ ਬਾਈਕ ‘ਤੇ ਸਵਾਰ 31 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਭਲਵਾਨ ਸੀ ਜੋ ਕਿ ਪਿੰਡ ਭੜੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਵਸਨੀਕ ਸੀ।
ਉਹ ਗੜ੍ਹਸ਼ੰਕਰ ਨੇੜਲੇ ਪਿੰਡ ਪੱਲੀਆਂ ਵਿੱਚ ਛਿੰਝ ਘੁਲਣ ਲਈ ਆਇਆ ਸੀ। ਹਾਦਸੇ ਪਿੱਛੋਂ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਉਪਰੰਤ ਗੁੱਸੇ ਵਿੱਚ ਆਏ ਇਲਾਕਾ ਵਾਸੀਆਂ ਨੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਲਗਜ਼ਰੀ ਬੱਸਾਂ ਦੇ ਚਾਲਕਾਂ ‘ਤੇ ਤੇਜ ਰਫ਼ਤਾਰ ਨਾਲ ਬੱਸਾਂ ਚਲਾ ਕੇ ਲੋਕਾਂ ਦੀ ਜਾਨ ਜੌਖਮ ਵਿੱਚ ਪਾਉਣ ਦਾ ਇਲਜ਼ਾਮ ਲਾਇਆ।
ਹਾਸਿਲ ਜਾਣਕਾਰੀ ਮੁਤਾਬਕ ਉਕਤ ਲਗਜ਼ਰੀ ਬੱਸ ਨੰਬਰ PB032 A 7952 ਚੰਡੀਗੜ੍ਹ ਤੋਂ ਪਠਾਨਕੋਟ ਜਾਰ ਰਹੀ ਸੀ ਕਿ ਹਾਈਵੇਅ ‘ਤੇ ਸਥਿਤ ਪਿੰਡ ਗੋਲੀਆਂ ਨੇੜੇ ਉਕਤ ਬੱਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਮੋਟਰ ਸਾਈਕਲ ਨੰਬਰ PB055 B 3981 ਨਾਲ ਹੋ ਗਈ। ਜਿਸ ਨਾਲ ਮੋਟਰ ਸਾਈਕਲ ‘ਤੇ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (31) ਪੁੱਤਰ ਮਲਕੀਤ ਸਿੰਘ ਪਿੰਡ ਭੜੀ, ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਜੋਂ ਹੋਈ ਹੈ। ਹਾਦਸੇ ਉਪਰੰਤ ਬੱਸ ਚਾਲਕ ਵੱਲੋਂ ਮੌਕੇ ਤੋਂ ਫਰਾਰ ਹੋ ਜਾਣ ਨਾਲ ਇਲਾਕਾ ਵਾਸੀ ਗੁੱਸੇ ਵਿੱਚ ਆ ਗਏ ਅਤੇ ਮੁੱਖ ਮਾਰਗ ‘ਤੇ ਆਵਾਜਾਈ ਠੱਪ ਕਰ ਦਿੱਤੀ।
ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ, “ਲਗਜਰੀ ਬੱਸ ਚਾਲਕਾਂ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਇਸ ਮੁੱਖ ਮਾਰਗ ‘ਤੇ ਰੋਜ਼ਾਨਾ ਉਲੰਘਣਾ ਹੋ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਪਾਸੇ ਕੋਈ ਕਾਰਵਾਈ ਨਹੀ ਕਰ ਰਿਹਾ। ਇਨਾਂ ਬੱਸਾਂ ਦੀ ਅੰਨ੍ਹੇਵਾਹ ਰਫ਼ਤਾਰ ਕਰਕੇ ਹਾਈਵੇਅ ਨੇੜੇ ਸਥਿਤ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਰਾਹਗੀਰਾਂ ਦੀ ਜਾਨ ਖਤਰੇ ਵਿੱਚ ਰਹਿੰਦੀ ਹੈ।”
ਇਸ ਮੌਕੇ ਡੀ.ਐੱਸ.ਪੀ ਦਲਜੀਤ ਸਿੰਘ ਖੱਖ ਮੌਕੇ ‘ਤੇ ਪੁੱਜੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਇਲਾਕੇ ਦੇ ਨੌਜਵਾਨਾਂ ਨੇ ਉਕਤ ਬੱਸ ਚਾਲਕ ਨੂੰ ਹਾਜ਼ਰ ਕਰਨ ਦੀ ਮੰਗ ਕੀਤੀ ਜਿਸ ਸਬੰਧੀ ਡੀ.ਐੱਸ.ਪੀ ਸਿੰਘ ਨੇ ਭਰੋਸਾ ਦੁਆਇਆ ਕਿ “ਜਲਦ ਹੀ ਚਾਲਕ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਕਰੀਬ ਪੌਣਾ ਘੰਟਾ ਲੱਗੇ ਧਰਨੇ ਦੌਰਾਨ ਸੜਕ ਦੇ ਦੋਵੇਂ ਪਾਸੀਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਜੋ ਬਾਅਦ ਵਿੱਚ ਖ਼ੁਲ ਗਈਆਂ ਅਤੇ ਆਵਾਜਾਈ ਦੁਰੁਸਤ ਹੋ ਗਈ।