ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਸੂਬੇ ਦਾ ਅਗਾਂਹਵਧੂ ਅਤੇ ਬਹਾਦਰ ਸਰਹੱਦੀ ਖੇਤਰ ਲੰਬੇ ਸਮੇਂ ਤੋਂ ਇਸ ਖੇਤਰ ਦੀ ਨੁਮਾਇੰਦਗੀ ਕਰਦੇ ਆ ਰਹੇ ਖਾਨਦਾਨਾਂ ਦੀਆਂ ਪਿਛਾਖੜੀ ਅਤੇ ਜਗੀਰੂ ਨੀਤੀਆਂ ਕਾਰਨ ਵਿਕਾਸ ਦੀ ਗਤੀ ਵਿੱਚ ਪਛੜ ਗਿਆ ਹੈ।
ਅੱਜ ਇੱਥੇ ਰੇਲਵੇ ਓਵਰ ਬ੍ਰਿਜ ਨੂੰ ਲੋਕ ਅਰਪਣ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਾਸੀ ਬਹਾਦਰ ਲੋਕ ਹਨ, ਜਿਨ੍ਹਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਗੁਰੂਆਂ ਦੀ ਬਖਸ਼ਿਸ਼ ਧਰਤੀ ਹੈ ਅਤੇ ਇੱਥੇ ਬਹਾਦਰ ਅਤੇ ਮਿਹਨਤੀ ਲੋਕਾਂ ਦਾ ਵੱਸਣਾ ਹੈ। ਮਾਨ ਨੇ ਕਿਹਾ ਕਿ ਭਾਵੇਂ ਇਸ ਇਲਾਕੇ ਦੇ ਆਗੂ ਅਹਿਮ ਅਹੁਦਿਆਂ ‘ਤੇ ਰਹੇ ਹਨ ਪਰ ਉਨ੍ਹਾਂ ਨੇ ਕਦੇ ਵੀ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੀ ਕੋਈ ਪ੍ਰਵਾਹ ਨਹੀਂ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਇੱਥੋਂ ਚੁਣੇ ਗਏ ਆਗੂਆਂ ਨੇ ਇਸ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਹਾਨ ਦੇਸ਼ ਭਗਤ ਅਤੇ ਰਾਸ਼ਟਰਵਾਦੀ ਪੈਦਾ ਕਰਨ ਵਾਲੇ ਇਸ ਖੇਤਰ ਨੇ ਇਨ੍ਹਾਂ ਹਾਕਮਾਂ ਦੇ ਸ਼ਾਸਨਕਾਲ ਦੌਰਾਨ ਵਿਕਾਸ ਨਹੀਂ ਦੇਖਿਆ।