ਸਮਰਾਲਾ ਚ ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਲੜਾਈ ਦਰਮਿਆਨ ਇੱਕ ਨੌਜਵਾਨ ਦੇ ਜ਼ਖਮੀ ਹੋਣ ਸਮੇਤ ਗੱਡੀ ਦੀ ਭੰਨਤੌੜ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਮੌਕੇ ਤੇ ਪੜਤਾਲ ਦੌਰਾਨ ਘਟਨਾਸਥਾਨ ਤੋਂ ਪਿਸਟਲ ਦਾ ਭਰਿਆ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। ਜ਼ਖਮੀ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਅੱਜ ਸ਼ਾਮੀ ਮਾਛੀਵਾੜਾ ਰੋਡ ਤੇ ਕਾਰ ਸਵਾਰ ਦੋ ਗੁੱਟਾਂ ਵਿਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖਲਬਲੀ ਮੱਚ ਗਈ। ਟੋਇਟਾ ਕੋਰੋਲਾ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਨੂੰ ਅਚਾਨਕ ਦੂਜੇ ਗੁੱਟ ਦੇ ਕਾਰ ਸਵਾਰਾਂ ਵੱਲੋਂ ਘੇਰ ਲਿਆ ਗਿਆ ਅਤੇ ਗੱਡੀ ਦੀ ਭੰਨਤੌੜ ਕਰ ਦਿੱਤੀ।
ਗੱਡੀ ਵਿਚ ਸਵਾਰ ਇੱਕ ਨੌਜਵਾਨ ਜਿਸ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਅਲੂਣਾ (ਪਾਇਲ) ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਨਾਲ ਕਾਰ ਵਿਚ ਸਵਾਰ ਦੂਜਾ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਗਾਇਬ ਹੋ ਗਿਆ। ਹਾਲਾਕਿ ਕੁਝ ਲੋਕਾਂ ਵੱਲੋਂ ਇਸ ਲੜਾਈ ਵਿਚ ਗੋਲੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ, ਪਰ ਪੁਲਸ ਵੱਲੋਂ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।
ਘਟਨਾਂ ਵਾਲੀ ਥਾਂ ਤੇ ਪਹੰਚੇ ਡੀ.ਐੱਸ.ਪੀ. ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ, ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਘਟਨਾਸਥਾਨ ਤੋਂ ਪਿਸਟਲ ਦਾ ਭਰਿਆ ਮੈਗਜ਼ੀਨ ਬਰਾਮਦ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ, ਜਖਮੀ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਅਤੇ ਪੂਰਾ ਮਾਮਲਾ ਕੀ ਹੈ, ਇਹ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।