ਪਿੰਡ ਪੰਡੋਰੀ ਵੜੈਚ ’ਚ ਆਪਣੇ ਪੁੱਤਰ ਦੀ ਲਵ ਮੈਰਿਜ ਤੋਂ ਨਾਰਾਜ਼ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਸਹੁਰਾ ਆਪਣੇ ਪੁੱਤਰ ਵੱਲੋਂ ਮ੍ਰਿਤਕਾ ਨਾਲ ਕਰਵਾਏ ਗਈ ਲਵ ਮੈਰਿਜ ਤੋਂ ਨਾਰਾਜ਼ ਸੀ। ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ।
ਸਹੁਰੇ ਨੇ ਨੂੰਹ ਦਾ ਕੀਤਾ ਕਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕ ਵਿਆਹੁਤਾ ਦੇ ਜੀਜੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕਾਲੇ ਨੰਗਲ ਨੇ ਦੱਸਿਆ ਕਿ ਉਸ ਦੀ ਸਾਲੀ ਰਾਜਵਿੰਦਰ ਕੌਰ ਦਾ ਪੰਡੋਰੀ ਦੇ ਗੋਰਾ ਨਾਂ ਦੇ ਨੌਜਵਾਨ ਨਾਲ 8 ਮਹੀਨੇ ਪਹਿਲਾਂ ਲਵ ਮੈਰਿਜ ਹੋਈ ਸੀ। ਰਾਜਵਿੰਦਰ ਦਾ ਸਹੁਰਾ ਵਿਆਹ ਤੋਂ ਕਾਫੀ ਨਾਰਾਜ਼ ਸੀ। ਉਹ ਅਕਸਰ ਉਸ ਨਾਲ ਲੜਦਾ-ਝਗੜਦਾ ਰਹਿੰਦਾ ਸੀ।
ਵਿਆਹ ਤੋਂ ਕੁਝ ਸਮਾਂ ਬਾਅਦ ਹੀ ਰਾਜਵਿੰਦਰ ਕੌਰ ਦਾ ਪਤੀ ਗੋਰਾ ਦੁਬਈ ਚਲਾ ਗਿਆ ਅਤੇ ਰਾਜਵਿੰਦਰ ਦਾ ਸਹੁਰਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਸਹੁਰੇ ਦਾ ਨੂੰਹ ਨਾਲ ਹੋਇਆ ਸੀ ਝਗੜਾ
ਥਾਣਾ ਕੰਬੋਅ ਦੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਦਾ ਆਪਣੇ ਸਹੁਰੇ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਸਹੁਰੇ ਅੰਬਾ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਰਾਜਵਿੰਦਰ ਕੌਰ ਦੀ ਰਸੋਈ ਵਿਚ ਡਿੱਗ ਕੇ ਮੌਤ ਹੋ ਗਈ ਹੈ।
ਜਿਸ ਤੋਂ ਬਾਅਦ ਉਹ ਸਾਰੇ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਉਸ ਦੀ ਧੌਣ ’ਤੇ ਕੁਝ ਨਿਸ਼ਾਨ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।