ਸ਼ੰਭੂ ਬੈਰੀਅਰ ‘ਤੇ ਅੱਜ ਵੀ ਝੜਪਾਂ, ਕਿਸਾਨਾਂ ‘ਤੇ ਵਰ੍ਹਾਏ ਅੱਥਰੂ ਗੈਸ ਦੇ ਗੋਲੇ, ਮਾਮਲਾ ਯੂਐਨਓ ਕੋਲ ਉਠੱਗਾ

0
100159
ਸ਼ੰਭੂ ਬੈਰੀਅਰ 'ਤੇ ਅੱਜ ਵੀ ਝੜਪਾਂ, ਕਿਸਾਨਾਂ 'ਤੇ ਵਰ੍ਹਾਏ ਅੱਥਰੂ ਗੈਸ ਦੇ ਗੋਲੇ, ਮਾਮਲਾ ਯੂਐਨਓ ਕੋਲ ਉਠੱਗਾ

ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਅੱਜ ਦੂਜਾ ਦਿਨ ਹੈ। ਸ਼ੰਭੂ ਬੈਰੀਅਰ ‘ਤੇ ਅੱਜ ਵੱਡੀ ਗਿਣਤੀ ਕਿਸਾਨ ਪੂਰੇ ਜੋਸ਼ ਵਿੱਚ ਨਜ਼ਰ ਆਏ। ਕਿਸਾਨਾਂ ਵੱਲੋਂ ਅੱਜ ਸ਼ੰਭੂ ਬੈਰੀਅਰ ‘ਤੇ ਪੂਰੀ ਤਿਆਰੀ ਰੱਖੀ ਗਈ ਹੈ। ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਵੀ ਕਿਸਾਨਾਂ ਨੂੰ ਪਿੱਛੇ ਖਿਦੇੜਨ ਦੀ ਕੋਸ਼ਿਸ਼ ਕੀਤੀ ਗਈ। ਕਿਸਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ।

ਇਸ ਦੌਰਾਨ ਬੈਰੀਅਰ ਦੇ ਆਲੇ-ਦੁਆਲੇ ਖੇਤਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਹਰਿਆਣਾ ਪੁਲਿਸ ਦਾ ਸਾਹਮਣਾ ਕਰਦੇ ਨਜ਼ਰ ਆਏ। ਇਸ ਦੌਰਾਨ ਕਿਸਾਨ ਆਪਣੇ ਆਪ ਨੂੰ ਸੰਗਲਾਂ ਦੇ ਨਾਲ ਜਕੜ ਕੇ ਪ੍ਰਦਰਸ਼ਨ ਕਰਦੇ ਨਜ਼ਰ ਆਏ। ਮੋਗਾ ਤੋਂ ਪਹੁੰਚੇ ਕਿਸਾਨ ਨੇ ਆਪਣੇ ਆਪ ਨੂੰ ਮੋਟੇ-ਮੋਟੇ ਸੰਗਲ ਨਾਲ ਜਕੜਿਆ ਹੋਇਆ ਹੈ। ਉਹ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਸ਼ੰਭੂ ਪਹੁੰਚੇ ਡਾਕਟਰ ਮਨਜੀਤ ਸਿੰਘ ਰੰਧਾਵਾ ਜੋ ਸਾਬਕਾ ਸਿਵਲ ਸਰਜਨ ਹਨ, ਨੇ ਕਿਹਾ ਕਿ ਸਰਕਾਰ ਨੇ ਸਾਡੇ ਡੈਮੋਕ੍ਰੇਟਿਕ ਹੱਕ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਹੈ ਤੇ ਅਸੀਂ ਇਸ ਸੰਬਧੀ ਯੂਐਨਓ ਵਿੱਚ ਪਟੀਸ਼ਨ ਪਾਉਣ ਜਾ ਰਹੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਮਾਨਵੀ ਹੱਕ ਸਾਡੇ ਤੋਂ ਖੋਹੇ ਜਾ ਰਹੇ ਹਨ। ਅਸੀਂ ਹਾਈਕੋਰਟ ਵਿੱਚ ਵੀ ਪਟੀਸ਼ਨ ਪਾਉਣ ਜਾ ਰਹੇ ਹਾਂ।

ਉਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਲਈ ਕੇਂਦਰ ਵੱਲੋਂ ਆਉਣ ਵਾਲੀ ਕਿਸੇ ਵੀ ਤਜਵੀਜ਼ ’ਤੇ ਵਿਚਾਰ ਕਰਨਗੇ ਪਰ ਗੱਲਬਾਤ ਲਈ ਹਾਂ-ਪੱਖੀ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਅਪੀਲ ਕੀਤੀ।

ਪੰਧੇਰ ਨੇ ਕਿਹਾ, ‘ਇਹ ਕਿਹਾ ਜਾਂਦਾ ਹੈ ਕਿ ਤੁਹਾਡਾ (ਮੋਦੀ) ਦਿਲ ਵੱਡਾ ਹੈ। ਸਾਨੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦਿਓ।’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸਾਨਾਂ ਨੂੰ ਗੱਲਬਾਤ ਲਈ ਕੋਈ ਸੱਦਾ ਮਿਲਿਆ ਹੈ ਤਾਂ ਉਨ੍ਹਾਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ।’ ਅੰਬਾਲਾ ਨੇੜੇ ਸ਼ੰਭੂ ਸਰਹੱਦ ‘ਤੇ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ,‘ਅਸੀਂ ਸੱਦੇ ‘ਤੇ ਵਿਚਾਰ ਕਰਾਂਗੇ।’

LEAVE A REPLY

Please enter your comment!
Please enter your name here