ਲੁਧਿਆਣਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਪੱਖੋਵਾਲ ਰੋਡ ਸਥਿਤ ਮਹਾਜਰ ਰਣਜੀਤ ਸਿੰਘ ਨਗਰ ਵਿੱਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਹੋਈ ਹੈ। ਗਰਚਾ, ਉਨ੍ਹਾਂ ਦੀ ਪਤਨੀ ਤੇ ਹੋਰਾਂ ਨੂੰ ਬੇਹੋਸ਼ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਸਾਬਕਾ ਮੰਤਰੀ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੀ ਭੂਆ ਤੇ ਇੱਕ ਨੌਕਰਾਣੀ ਅਜੇ ਵੀ ਬੇਹੋਸ਼ ਹਨ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਰ ਵਿੱਚ ਕੰਮ ਕਰਨ ਵਾਲੇ ਇੱਕ ਨੇਪਾਲੀ ਨੌਕਰ ਉੱਤੇ ਚੋਰੀ ਦਾ ਸ਼ੱਕ ਹੈ। ਘਰ ‘ਚ ਮੌਜੂਦ ਲੋਕਾਂ ਨੂੰ ਰਾਤ ਸਮੇਂ ਕੋਈ ਨਸ਼ੀਲੀ ਚੀਜ਼ ਪਿਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਸ ਬਾਰੇ ਗਰਚਾ ਦੇ ਗੁਆਂਢੀ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਦੋਂ ਕਲੋਨੀ ਵਾਸੀਆਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਗੁਰਦੀਸ਼ ਗਰਚਾ, ਉਨ੍ਹਾਂ ਦੀ ਪਤਨੀ, ਭੂਆ ਤੇ ਇੱਕ ਨੌਕਰਾਣੀ ਘਰ ਵਿੱਚ ਬੇਹੋਸ਼ ਪਏ ਸੀ। ਉਨ੍ਹਾਂ ਦੇ ਪੁੱਤਰ ਬੌਬੀ ਗਰਚਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਬੌਬੀ ਕਿਸੇ ਕੰਮ ਲਈ ਦਿੱਲੀ ਗਿਆ ਹੋਇਆ ਹੈ।
ਫਿਲਹਾਲ ਜਗਦੀਸ਼ ਗਰਚਾ ਨੂੰ ਪੰਚਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਇਲਾਕੇ ਦੇ ਸੀਸੀਟੀਵੀ ਕੈਮਰੇ ਆਦਿ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਵਧੀਕ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ, ਏਡੀਸੀਪੀ ਸੁਹੇਲ ਮੀਰ ਘਟਨਾ ਦਾ ਜਾਇਜ਼ਾ ਲੈਣ ਪੁੱਜੇ। ਫਿਲਹਾਲ ਗਰਚਾ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿੰਗਰ ਐਕਸਪਰਟ ਟੀਮ ਮੌਕੇ ‘ਤੇ ਪਹੁੰਚ ਕੇ ਸੁਰਾਗ ਇਕੱਠੇ ਕਰੇਗੀ। ਅਧਿਕਾਰੀਆਂ ਮੁਤਾਬਕ ਚੋਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।