ਸਿੱਖ ਫ਼ੋਰਮ ਝਾਰਖੰਡ ਵੱਲੋਂ ਰਾਂਚੀ ਵਿਖੇ ਲਗਾਇਆ ਗਿਆ ਛੇ ਰੋਜ਼ਾ ਗੁਰਮਤਿ ਕੈਂਪ 

0
100035
 ਸਿੱਖ ਫ਼ੋਰਮ ਝਾਰਖੰਡ ਵੱਲੋਂ ਰਾਂਚੀ ਵਿਖੇ ਲਗਾਇਆ ਗਿਆ ਛੇ ਰੋਜ਼ਾ ਗੁਰਮਤਿ ਕੈਂਪ 

 

ਪੂਰਬੀ ਭਾਰਤ ਅੰਦਰ ਸਿੱਖੀ ਪ੍ਰਚਾਰ ਲਈ ਸਰਗਰਮ ਧਾਰਮਿਕ ਸੰਸਥਾ ਸਿੱਖ ਫ਼ੋਰਮ ਅਤੇ ਸਿੱਖ ਵੈਲਫੇਅਰ ਐਸੋਸੀਏਸ਼ਨ ਕੋਲਕਾਤਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ 53ਵੇਂ ਗੁਰਮਤਿ ਸਿੱਖਿਆ ਕੈਂਪ ਦਾ ਮੁੱਖ ਸਮਾਗਮ ਗੁਰੂ ਨਾਨਕ ਸੈਕੰਡਰੀ ਸਕੂਲ ਰਾਂਚੀ (ਝਾਰਖੰਡ) ਵਿਖੇ ਹੋਇਆ। ਛੇ ਰੋਜ਼ਾ ਗੁਰਮਤਿ ਕੈਂਪ ਦੇ ਇਸ ਸਮਾਪਤੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਅੰਤ੍ਰਿੰਗ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਕੈਂਪ ਵਿਚ ਪੂਰਬੀ ਭਾਰਤ ਦੇ ਪੰਜ ਸੂਬਿਆਂ ਤੋਂ ਵੱਡੀ ਗਿਣਤੀ ’ਚ ਬੱਚਿਆਂ ਨੇ ਭਾਗ ਲੈ ਕੇ ਗੁਰਬਾਣੀ ਸੰਥਿਆ, ਧਾਰਮਿਕ ਸਿੱਖਿਆ, ਸ਼ਬਦ ਕੀਰਤਨ ਅਤੇ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਕੈਂਪ ਦੌਰਾਨ ਬੱਚਿਆਂ ਨੂੰ ਦਸਤਾਰ ਤੇ ਦੁਮਾਲਾ ਸਜਾਉਣ ਦੀ ਵੀ ਸਿੱਖਿਆ ਦਿੱਤੀ ਗਈ।

ਸਮਾਪਤੀ ਸਮਾਗਮ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਵਿਰਸਾ ਪੂਰੀ ਦੁਨੀਆਂ ਅੰਦਰ ਇਕ ਵੱਖਰੀ ਪਛਾਣ ਨਾਲ ਰੂਬਰੂ ਹੈ। ਪੰਜਾਬ ਤੋਂ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਅੰਦਰ ਸਿੱਖਾਂ ਨੇ ਆਪਣੇ ਇਤਿਹਾਸ ਅਤੇ ਸਿਧਾਂਤਾਂ ਤੋਂ ਪ੍ਰੇਰਣਾ ਲੈ ਕੇ ਵੱਡੇ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਗਲੀ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਕੀਤਾ ਜਾਂਦਾ ਹਰ ਯਤਨ ਸ਼ਲਾਘਾਯੋਗ ਹੈ ਅਤੇ ਇਸੇ ਦਿਸਾ ਵਿਚ ਸਿੱਖ ਫ਼ੋਰਮ ਅਤੇ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਇਹ ਉਪਰਾਲਾ ਖਾਸ ਮਹੱਤਵ ਰੱਖਦਾ ਹੈ।

ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਦੇ ਉਪਰਾਲੇ ਨਾਲ ਉੱਤਰੀ ਭਾਰਤ ਦੇ ਸੂਬਿਆਂ ਵਿਚ ਪੰਜਾਬ ਤੋਂ ਦੂਰ ਬੈਠੇ ਨੌਜੁਆਨ ਸਿੱਖੀ ਨਾਲ ਜੁੜੇ ਹੋਏ ਹਨ। ਇਸ ਮੌਕੇ ਭਾਈ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੈਂਪ ਦੇ ਪ੍ਰਬੰਧਕਾਂ ਨੂੰ ਇਕ ਲੱਖ ਰੁਪਏ ਸਿੱਖੀ ਪ੍ਰਚਾਰ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਪਰਮਜੀਤ ਸਿੰਘ ਖਾਲਸਾ, ਸਿੱਖ ਮਿਸ਼ਨ ਕਲਕੱਤਾ ਦੇ ਇੰਚਾਰਜ ਜਗਮੋਹਨ ਸਿੰਘ ਅਤੇ ਸਿੱਖ ਫੋਰਮ ਵੱਲੋਂ ਗੁਰਸ਼ਰਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੈਂਪ ’ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

Image

ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਂਚੀ ਵਿਖੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਝਾਰਖੰਡ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ ਇਕੱਤਰਤਾ ਕੀਤੀ। ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੇ ਇਸ ਗੱਲ ਦੀ ਵਚਨਬੱਧਤਾ ਪ੍ਰਗਟਾਈ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਏਕੇ ਨਾਲ ਅੱਗੇ ਵਧਿਆ ਜਾਵੇਗਾ। ਭਾਈ ਗਰੇਵਾਲ ਅਨੁਸਾਰ ਹਾਜਰ ਸਿੱਖ ਨੁਮਾਇੰਦਿਆਂ ਨੇ ਕਿਹਾ ਕਿ ਅੱਜ ਕੌਮ ਨੂੰ ਦਰਪੇਸ਼ ਚੁਣੋਤੀਆਂ ਦੇ ਟਾਕਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋ ਕੇ ਕਾਰਜਸ਼ੀਲ ਹੋਣਾ ਜ਼ਰੂਰੀ ਹੈ ਅਤੇ ਇਸੇ ਦਿਸ਼ਾ ਵਿਚ ਝਾਰਖੰਡ ਦੀਆਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਵਚਨਬੱਧ ਹਨ।

ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਜਗਮੋਹਨ ਸਿੰਘ ਇੰਚਾਰਜ, ਸਿੱਖ ਫ਼ੋਰਮ ਦੇ ਜਨਰਲ ਸਕੱਤਰ ਗੁਰਸ਼ਰਨ ਸਿੰਘ, ਇੰਦਰਜੀਤ ਸਿੰਘ ਪਟਨਾ ਸਾਹਿਬ, ਬਲਬੀਰ ਸਿੰਘ ਰਾਂਚੀ, ਕੁਲਬੀਰ ਸਿੰਘ, ਗਗਨਦੀਪ ਸਿੰਘ ਮੱਕੜ, ਭੁਪਿੰਦਰ ਸਿੰਘ ਜੱਗੀ, ਸੁਰਜੀਤ ਸਿੰਘ ਸਲੂਜਾ, ਸੁਖਦੇਵ ਸਿੰਘ, ਪ੍ਰੋ. ਹਰਬਿੰਦਰਵੀਰ ਸਿੰਘ, ਰਣਜੀਤ ਸਿੰਘ ਹੈਪੀ, ਰਾਜਦੀਪ ਸਿੰਘ ਛਾਬੜਾ, ਧਿਆਨ ਸਿੰਘ, ਹਰਮਿੰਦਰ ਸਿੰਘ, ਗੁਰਵਿੰਦਰ ਸਿੰਘ ਸੇਠੀ, ਗੁਰਦੀਪ ਸਿੰਘ ਟਿਵਾਣਾ, ਮਨੀਸ਼ ਮਿੱਡਾ, ਗੁਰਮੀਤ ਸਿੰਘ ਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here