‘ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਿੱਖ ਸਮਾਜ ਨੂੰ ਉਕਸਾਉਣ ਬੰਦ ਕਰੇ’

0
100040
'ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਿੱਖ ਸਮਾਜ ਨੂੰ ਉਕਸਾਉਣ ਬੰਦ ਕਰੇ'

 

ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਸਿੱਖ ਆਗੂ ਅਤੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਬੰਦੀ ਸਿੰਘਾਂ ਦੇ ਮਾਮਲੇ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ ਕਰਦਿਆਂ ਸਿੱਖ ਸਮਾਜ ਨੂੰ ਕੇਂਦਰ ਸਰਕਾਰ ਨਾਲ ਟਕਰਾਉਣ ਲਈ ਜਜ਼ਬਾਤੀ ਤੌਰ ’ਤੇ ਉਕਸਾਉਣ ਦੀ ਸਖ਼ਤ ਅਲੋਚਨਾ ਕੀਤੀ ਹੈ।

ਉਨ੍ਹਾਂ ਰਾਜਨੀਤਿਕ ਆਗੂਆਂ ਵੱਲੋਂ ਸ਼ਰੀਕਾਂ ਪ੍ਰਤੀ ਬਿਆਨਬਾਜ਼ੀ ਨੂੰ ਨਿਵਾਣ ਵਲ ਲੈ ਜਾਣ ’ਤੇ ਗਹਿਰੀ ਚਿੰਤਾ ਜਤਾਈ ਹੈ। ਪ੍ਰੋ. ਸਰਚਾਂਦ ਸਿੰਘ ਨੇ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਦੀ ਰਿਹਾਈ ਨੂੰ ਅਮਲ ’ਚ ਲਿਆਉਣ ਲਈ ਤੁਰੰਤ ਕਾਰਵਾਈ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਸਿੱਖ ਸਿਆਸੀ ਕੈਦੀਆਂ ਨੇ ਜ਼ਿੰਦਗੀ ਦਾ ਇਕ ਲੰਮਾ ਸਮਾਂ ਜੇਲ੍ਹਾਂ ਵਿਚ ਗੁਜ਼ਾਰਿਆ ਹੈ।

 ਉੱਥੇ ਹੀ ਰਿਹਾਅ ਹੋ ਕੇ ਆਏ ਬੰਦੀ ਸਿੰਘਾਂ ਨੇ ਬਾਹਰ ਆ ਕੇ ਕੁਝ ਵੀ ਅਜਿਹਾ ਨਹੀਂ ਕੀਤਾ ਜਿਸ ਨਾਲ ਦੇਸ਼ ਸਮਾਜ ਨੂੰ ਚਿੰਤਾ ਕਰਨੀ ਪਈ ਹੋਵੇ। ਕਿਸੇ ਵੀ ਵਿਅਕਤੀ ਨੂੰ 28 ਸਾਲ ਤਕ ਜੇਲ੍ਹ ਵਿਚ ਬੰਦ ਰੱਖਣਾ ਠੀਕ ਨਹੀਂ ਹੈ। ਉਨ੍ਹਾਂ ਨੂੰ ਮਾਨਵੀ ਅਧਾਰ ’ਤੇ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਮਾਨਸਿਕ ਤਣਾਅ ਤੋਂ ਮੁਕਤ ਹੋ ਸਕਣ ।  ਪ੍ਰੋ. ਭੁੱਲਰ ਅਤੇ ਭਾਈ ਖੈੜਾ ਦੀ ਸਿਹਤ ਠੀਕ ਨਹੀਂ ਰਹਿੰਦੀ। ਉਨ੍ਹਾਂ ਨੂੰ ਚੰਗੇ ਇਲਾਜ ਦੀ ਸਖ਼ਤ ਜ਼ਰੂਰਤ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਲਈ ਆਪਣੀਆਂ ਗ਼ਲਤੀਆਂ ਅਤੇ ਕਮਜ਼ੋਰੀਆਂ ਨੂੰ ਛੁਪਾਉਣਾ ਲਈ ਕੇਂਦਰ ਨੂੰ ਬਿਨਾ ਵਜ੍ਹਾ ਕੋਸਣ ਦਾ ਹੁਣ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਬੇਵੱਸ ਜ਼ਰੂਰ ਹਨ, ਪਰ ਲੀਡਰਸ਼ਿਪ ਦੀ ਹਰ ਚਾਲ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਤੀਤ ਨੂੰ ਜਾਣਨ ਵਾਲਾ ਇਹ ਭਲੀ ਭਾਂਤ ਜਾਣਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ’ਚ ਪ੍ਰਕਾਸ਼ ਸਿੰਘ ਬਾਦਲ ਹੀ ਅੜਿੱਕਾ ਬਣਦਾ ਰਿਹਾ।

 ਸੱਤਾ ਦੌਰਾਨ ਬਾਦਲ ਪਰਿਵਾਰ ਨੇ ਪੰਥਕ ਮੁੱਦਿਆਂ ਦੀ ਥਾਂ ਪਰਿਵਾਰਕ ਅਤੇ ਨਿੱਜੀ ਮੁਫਾਦਾਂ ਨੂੰ ਹਮੇਸ਼ਾਂ ਪਹਿਲ ਦਿੱਤੀ । ਬਾਦਲ ਪਰਿਵਾਰ ਵੱਲੋਂ ਪੰਥਕ ਮੁੱਦਿਆਂ ਪ੍ਰਤੀ ਧਾਰਨ ਕੀਤੀ ਜਾਂਦੀ ਰਹੀ ਬੇਗਾਨਗੀ ਹੀ ਅਕਾਲੀ ਦਲ ਦੇ ਪਤਨ ਦਾ ਅਸਲ ਕਾਰਨ ਬਣਿਆ। ਸਿੱਖ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਹਨ। ਸਿੱਖ ਵੋਟ ਬੈਂਕ ਦੇ ਖੁੱਸ ਜਾਣ ਨਾਲ ਸੁਖਬੀਰ ਬਾਦਲ ਸਿੱਖਾਂ ਦਾ ਵਾਹਦ ਲੀਡਰ ਨਹੀਂ ਰਿਹਾ ਹੈ, ਉਨ੍ਹਾਂ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ’ਚ ਅਕਾਲੀ ਲੀਡਰਸ਼ਿਪ ਦੀ ਦੋਹਰੇ ਕਿਰਦਾਰ, ਗੈਰ ਸੰਜੀਦਗੀ ਅਤੇ ਡਰਾਮੇਬਾਜ਼ੀ ਨੂੰ ਭਾਈ ਰਾਜੋਆਣਾ ਨੇ ਆਪਣੀ ਚਿੱਠੀ ਵਿਚ ਨੰਗਿਆਂ ਕੀਤਾ ਹੈ। ਭਾਈ ਰਾਜੋਆਣਾ ਨੇ ਅਕਾਲੀ ਲੀਡਰਸ਼ਿਪ ’ਤੇ ਨਿਰਦੋਸ਼ ਸਿੱਖਾਂ ’ਤੇ ਜ਼ੁਲਮ ਕਰਨ ਵਾਲੇ ਕਾਂਗਰਸੀ ਹੁਕਮਰਾਨਾਂ ਨਾਲ ਸਾਂਝਾਂ ਅਤੇ ਜੱਫੀਆਂ ਪਾ ਕੇ ਸਿੱਖ ਕੌਮ ਨਾਲ ਧੋਖਾ ਕਰਨ ਬਾਰੇ ਸਚਾਈ ਸਭ ਦੇ ਸਾਹਮਣੇ ਰੱਖੀ ।

ਉਹ ਅਕਾਲੀ ਲੀਡਰਸ਼ਿਪ ਦੀ ਬੰਦੀ ਸਿੰਘਾਂ ਦੇ ਮਾਮਲੇ ’ਚ ਵਰਤੀ ਜਾ ਰਹੀ ਖਾਨਾਪੂਰਤੀ ਤੋਂ ਨਿਰਾਸ਼ ਹਨ। ਇਸੇ ਲਈ ਉਨ੍ਹਾਂ ਨੂੰ ਆਪਣੇ ਕੌਮੀ ਫ਼ਰਜ਼ਾਂ ਪ੍ਰਤੀ ਜਾਣਬੁੱਝ ਕੇ ਕੁਤਾਹੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੰਥ ਤੋਂ ਮੁਆਫ਼ੀ ਮੰਗਣ ਲਈ ਕਹਿ ਚੁੱਕੇ ਹਨ।

LEAVE A REPLY

Please enter your comment!
Please enter your name here