Israel War: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 26ਵਾਂ ਦਿਨ ਹੈ। ਮੰਗਲਵਾਰ ਦੇਰ ਰਾਤ ਇਸ ਜੰਗ ਵਿੱਚ ਇੱਕ ਅਹਿਮ ਮੋੜ ਆਇਆ। ਯਮਨ ਦੇ ਹੂਤੀ ਬਾਗੀਆਂ ਨੇ ਵੀ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ। ਕਈ ਮੀਡੀਆ ਰਿਪੋਰਟਾਂ ‘ਚ ਇਜ਼ਰਾਇਲੀ ਫੌਜ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਕ ਮਿਜ਼ਾਈਲ ਅਤੇ ਕੁਝ ਡਰੋਨਾਂ ਨੂੰ ਹਵਾ ‘ਚ ਦਾਗਿਆ ਗਿਆ।
‘ਟਾਈਮਜ਼ ਆਫ ਇਜ਼ਰਾਈਲ’ ਮੁਤਾਬਕ ਹੂਤੀ ਦੇ ਬੁਲਾਰੇ ਯਾਹੀਆ ਨੇ ਮੰਨਿਆ ਕਿ ਇਜ਼ਰਾਈਲ ਦੇ ਸ਼ਹਿਰ ਏਲਾਤ ‘ਤੇ ਡਰੋਨ, ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਇਹ ਹਮਲੇ ਗਾਜ਼ਾ ਦੇ ਲੋਕਾਂ ਦੇ ਸਮਰਥਨ ਵਿੱਚ ਕੀਤੇ ਗਏ ਹਨ, ਕਿਉਂਕਿ ਅਰਬ ਦੇਸ਼ ਕਮਜ਼ੋਰ ਹਨ ਅਤੇ ਗੁਪਤ ਰੂਪ ਵਿੱਚ ਇਜ਼ਰਾਈਲ ਦਾ ਸਮਰਥਨ ਕਰ ਰਹੇ ਹਨ।
ਹੂਤੀ ਦੇ ਬੁਲਾਰੇ ਨੇ ਅੱਗੇ ਕਿਹਾ- ਯਮਨ ਦੇ ਲੋਕ ਚਾਹੁੰਦੇ ਹਨ ਕਿ ਅਸੀਂ ਇਜ਼ਰਾਈਲ ‘ਤੇ ਹਮਲਾ ਕਰੀਏ। ਇਹ ਹਮਲੇ ਭਵਿੱਖ ਵਿੱਚ ਵੀ ਹੋਣਗੇ। ਅਸੀਂ ਜਾਣਦੇ ਹਾਂ ਕਿ ਇਜ਼ਰਾਈਲ ਕੋਲ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਹੈ ਅਤੇ ਉਸ ਨੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ, ਪਰ ਇਹ ਹਮਲੇ ਵੀ ਜਲਦੀ ਹੀ ਸਫਲ ਹੋਣਗੇ।
ਹੂਤੀ ਬਾਗੀਆਂ ਨੇ 2014 ‘ਚ ਯਮਨ ਦੀ ਰਾਜਧਾਨੀ ਸਨਾ ‘ਤੇ ਕਬਜ਼ਾ ਕਰ ਲਿਆ ਸੀ। ਹੁਣ ਉਨ੍ਹਾਂ ਦਾ ਦੇਸ਼ ਦੇ ਵੱਡੇ ਹਿੱਸੇ ‘ਤੇ ਕਬਜ਼ਾ ਹੈ। ਹੂਤੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਹਮਾਸ ਦੇ ਨਾਲ ਹਨ ਅਤੇ ਇਸ ਦੀ ਹਰ ਤਰ੍ਹਾਂ ਨਾਲ ਮਦਦ ਕਰਨਗੇ।
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੂਤੀ ਬਾਗੀਆਂ ਨੂੰ ਇਸ ਸਮੇਂ ਈਰਾਨ ਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਦਦ ਮਿਲ ਰਹੀ ਹੈ। ਈਰਾਨ ਚਾਹੁੰਦਾ ਹੈ ਕਿ ਹਮਾਸ, ਹਿਜ਼ਬੁੱਲਾ ਅਤੇ ਹੂਤੀ ਸਾਂਝੇ ਤੌਰ ‘ਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ।