ਹਰਿਆਣਾ ਦੀਆਂ ਸੁਹਾਗਣਾਂ ਦੀ ਮੰਗ; ਅਗਲੇ ਸਾਲ SYL ਦੇ ਪਾਣੀ ਨਾਲ ਹੀ ਖੋਲ੍ਹਾਂਗੇ ਕਰਵਾਚੌਥ ਵਰਤ

0
100033
ਹਰਿਆਣਾ ਦੀਆਂ ਸੁਹਾਗਣਾਂ ਦੀ ਮੰਗ; ਅਗਲੇ ਸਾਲ SYL ਦੇ ਪਾਣੀ ਨਾਲ ਹੀ ਖੋਲ੍ਹਾਂਗੇ ਕਰਵਾਚੌਥ ਵਰਤ

 

ਪੰਚਕੂਲਾ: ਅਗਲੇ ਕਰਵਾਚੌਥ ‘ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਵਰਤ ਖੋਲ੍ਹਣਗੀਆਂ। ਇਸ ਸਾਲ ਆਪਣਾ ਕਰਵਾਚੌਥ ਦਾ ਵਰਤ ਖੋਲ੍ਹਣ ਦੌਰਾਨ ਇਹ ਸੁਹਾਗਣਾਂ ਸਤਲੁਜ ਯਮੁਨਾ ਲਿੰਕ ਜਾਨੀ ਐੱਸ.ਵਾਈ.ਐੱਲ ਦੇ ਪਾਣੀ ਦੀ ਮੰਗ ਕਰ ਦੀਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਵੀਡੀਓਜ਼ ‘ਚ ਵੇਖਿਆ ਜਾ ਸਕਦਾ ਕਿ ਕਿਵੇਂ ਹਰਿਆਣਾ ‘ਚ ਐੱਸ.ਵਾਈ .ਐੱਲ ਦੇ ਪਾਣੀ ਦੀ ਮੰਗ ਨੂੰ ਰਾਜਨੀਤਿਕ ਮੁੱਦਾ ਬਣਾਉਣ ਮਗਰੋਂ ਹੁਣ ਇਸਨੂੰ ਘਰੇਲੂ ਮੁੱਦੇ ਵਾਂਗ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਦੀਆਂ ਸੁਹਾਗਣਾਂ ਨੇ ਪ੍ਰਣ ਲਿਆ ਕਿ ਅਗਲੀ ਵਾਰ ਉਹ ਐੱਸ.ਵਾਈ.ਐੱਲ ਦੇ ਪਾਣੀ ਨਾਲ ਹੀ ਵਰਤ ਖੋਲ੍ਹਣਗੀਆਂ।

ਕੀ ਹੈ SYL ਵਿਵਾਦ, ਜਿਸ ‘ਤੇ ਪੰਜਾਬ ਅਤੇ ਹਰਿਆਣਾ ਰਿਹਾ ਦਹਾਕਿਆਂ ਤੋਂ ਆਹਮੋਂ- ਸਾਹਮਣੇ

1 ਨਵੰਬਰ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਸਰੋਤਾਂ ਨੂੰ ਦੋਵਾਂ ਰਾਜਾਂ ਵਿੱਚ ਵੰਡਿਆ ਜਾਣਾ ਸੀ, ਜਦੋਂ ਕਿ ਦੂਜੇ ਦੋ ਦਰਿਆਵਾਂ, ਰਾਵੀ ਅਤੇ ਬਿਆਸ ਦੇ ਪਾਣੀਆਂ ਦੀ ਵੰਡ ਦੀਆਂ ਸ਼ਰਤਾਂ ‘ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਹਾਲਾਂਕਿ ਰਿਪੇਰੀਅਨ ਸਿਧਾਂਤਾਂ (Riparian rights) ਦਾ ਹਵਾਲਾ ਦਿੰਦੇ ਹੋਏ ਪੰਜਾਬ ਨੇ ਹਰਿਆਣਾ ਨਾਲ ਦੋਵਾਂ ਦਰਿਆਵਾਂ ਦੇ ਪਾਣੀਆਂ ਦੀ ਵੰਡ ਦਾ ਵਿਰੋਧ ਕੀਤਾ।

ਰਿਪੇਰੀਅਨ ਜਲ ਅਧਿਕਾਰ ਸਿਧਾਂਤ ਦੇ ਮੁਤਾਬਿਕ ਜਲ ਸੰਸਥਾ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਨੂੰ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਪੰਜਾਬ ਦਾ ਇਹ ਵੀ ਕਹਿਣਾ ਹੈ ਕਿ ਉਸ ਕੋਲ ਹਰਿਆਣਾ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ ਹੈ।

‘ਪੰਜਾਬ’ ਪੰਜ ਦਰਿਆਵਾਂ ਦੀ ਧਰਤੀ

‘ਪੰਜਾਬ’ ਦਾ ਨਾਮ ਪੰਜ ਦਰਿਆਵਾਂ ਸਦਕਾ ਹੀ ਪਿਆ ਹੈ। ਇਹ ਦਰਿਆ ਪੂਰੇ ਉੱਤਰੀ ਭਾਰਤ ਦੇ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਇਨ੍ਹਾਂ ਦਾ ਪੂਰੇ ਉੱਤਰੀ ਭਾਰਤ ਉੱਤੇ ਭੂਗੋਲਿਕ, ਇਤਿਹਾਸਕ, ਸਿਆਸੀ, ਸੱਭਿਆਚਾਰਕ, ਧਾਰਮਿਕ ਤੇ ਮਾਲੀ ਪੱਖੋਂ ਡੂੰਘਾ ਅਸਰ ਹੈ। ਇਹ ਦਰਿਆ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਤੱਕ ਦੇ ਲੋਕਾਂ ਤੇ ਖੇਤਾਂ ਦੀ ਪਿਆਸ ਬੁਝਾਉਂਦੇ ਹਨ।

ਪਰ ਰਿਪੋਰਟਾਂ ਅਨੁਸਾਰ ਹੁਣ ਪੰਜਾਬ ਖ਼ੁਦ ਰੇਗਿਸਤਾਨ ਦੇ ਰਾਹ ਤੁਰ ਪਿਆ ਹੈ। ਇਸ ਦੇ ਸੈਂਕੜੇ ਕਾਰਨ ਹੋ ਸਕਦੇ ਹਨ। ਧਰਤੀ ਹੇਠਲੇ ਪਾਣੀ ਦੀ ਸਥਿਤੀ ਵੀ ਕਾਫ਼ੀ ਗੰਭੀਰ ਬਣੀ ਹੋਈ ਹੈ ਤੇ ਪੰਜਾਬ ਦੇ ਦਰਿਆ ਵੀ ਸਾਲ ਵਿੱਚ ਕਈ-ਕਈ ਮਹੀਨੇ ਸੁੱਕੇ ਹੀ ਰਹਿੰਦੇ ਹਨ। ਮਾਹਿਰਾਂ ਅਨੁਸਾਰ ਭਵਿੱਖ ਵਿੱਚ ਪੰਜਾਬ ਦੇ ਲੋਕ ਵੀ ਪਾਣੀ ਨੂੰ ਲੈ ਕੇ ਜੱਦੋ-ਜਹਿਦ ਕਰਦੇ ਨਜ਼ਰ ਆਉਣਗੇ।

ਦੋਵਾਂ ਰਾਜਾਂ ਦੀ ਆਰਥਿਕਤਾ ਵੀ ਪਾਣੀ ਉੱਪਰ ਨਿਰਭਰ

ਐੱਸ.ਵਾਈ.ਐੱਲ ਹਰਿਆਣੇ ਤੇ ਪੰਜਾਬ ਲਈ ਸਿਆਸੀ ਅਤੇ ਆਰਥਿਕ ਮੁੱਦਾ ਹੈ। ਦੋਵੇਂ ਰਾਜਾਂ ਦੀ ਖੇਤੀ ਤੇ ਆਰਥਿਕਤਾ ਪਾਣੀ ਉੱਪਰ ਟਿਕੀ ਹੋਈ ਹੈ। ਪੰਜਾਬ ਦੀ ਸਿਆਸੀ ਸਥਿਰਤਾ, ਸ਼ਾਂਤੀ ਤੇ ਕੌਮੀ ਸੁਰੱਖਿਆ ਲਈ ਵੀ ਇਹ ਵੱਡਾ ਮੁੱਦਾ ਹੈ। ਇਸ ਮੁੱਦੇ ਦਾ ਪਿਛੋਕੜ ਤੇ ਖ਼ੂਨ-ਖਰਾਬਾ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਨਹਿਰ ਦਾ ਮਕਸਦ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਾਉਣਾ ਹੈ।

ਦੋਵਾਂ ਰਾਜਾਂ ਨੂੰ ਉਸਾਰੀ ਲਈ ਦਿੱਤਾ ਸੀ ਨਹਿਰ ਦਾ ਵਿਸ਼ੇਸ ਹਿੱਸਾ

ਸਾਲ 1966 ਵਿੱਚ ਹਰਿਆਣਾ ਸੂਬਾ ਹੋਂਦ ਆਉਣ ਦੇ ਨਾਲ ਹੀ ਐੱਸ.ਵਾਈ.ਐੱਲ ਦਾ ਮੁੱਦਾ ਵੀ ਹੋਂਦ ਵਿੱਚ ਆ ਗਿਆ ਸੀ। 1966 ਵਿੱਚ ਹਰਿਆਣਾ ਦੇ ਬਣਨ ਤੋਂ ਪਹਿਲਾਂ ਪੰਜਾਬ ਦੇ ਹਿੱਸੇ 7.2 ਮਿਲੀਅਨ ਏਕੜ ਫੁੱਟ ਪਾਣੀ ਆਉਂਦਾ ਸੀ। ਪਰ ਹਰਿਆਣਾ ਬਣਨ ਮਗਰੋਂ ਇਸ ਨੇ ਵੀ 4.8 ਮਿਲੀਅਨ ਏਕੜ ਫੁੱਟ ਪਾਣੀ ਦੀ ਮੰਗ ਰੱਖੀ। ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਮਤਾ ਰੱਖਿਆ ਗਿਆ। ਸਤਲੁਜ ਯਮੁਨਾ ਨਹਿਰ ਦੀ ਕੁੱਲ ਲੰਬਾਈ 214 ਕਿਲੋਮੀਟਰ ਹੈ। ਇਸ ‘ਚੋਂ 122 ਕਿਲੋਮੀਟਰ ਹਿੱਸੇ ਦੀ ਉਸਾਰੀ ਪੰਜਾਬ ਨੇ ਕਰਨੀ ਸੀ ਜਦੋਂਕਿ 92 ਕਿਲੋਮੀਟਰ ਦਾ ਨਿਰਮਾਣ ਹਰਿਆਣਾ ਵੱਲੋਂ ਕਰਨਾ ਮਿੱਥਿਆ ਗਿਆ ਸੀ।

ਐਮਰਜੈਂਸੀ ਦੌਰਾਨ ਵਿਸ਼ੇਸ ਹੁਕਮ ਕੀਤੇ ਗਏ ਜਾਰੀ

ਸਾਲ 1976 ਦੇ ਦਹਾਕੇ ਦੌਰਾਨ ਐਮਰਜੈਂਸੀ ਮਗਰੋਂ ਕੇਂਦਰ ਸਰਕਾਰ ਨੇ ਦੋਵੇਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਹੁਕਮ ਜਾਰੀ ਕੀਤੇ ਹਨ। 0.2 ਮਿਲੀਅਨ ਏਕੜ ਫੁੱਟ ਪਾਣੀ ਦਿੱਲੀ ਨੂੰ ਵੀ ਦਿੱਤਾ ਗਿਆ। ਇਸ ਤੋਂ ਬਾਅਦ 1978 ਵਿੱਚ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਨੋਟੀਫਿਕੇਸ਼ਨ ਤੋਂ ਬਾਅਦ ਲਗਭਗ 5300 ਕਰੋੜ ਰੁਪਏ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ।

ਹਰਿਆਣਾ ਸਰਕਾਰ ਨੇ ਆਪਣੇ ਹਿੱਸੇ ਦੀ 92 ਕਿਲੋਮੀਟਰ ਨਹਿਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਸੀ। 1981 ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦਾ ਹਿੱਸਾ 3.5 ਮਿਲੀਅਨ ਏਕੜ ਫੁੱਟ ਤੋਂ ਵਧਾ ਕੇ 4.22 ਮਿਲੀਅਨ ਏਕੜ ਫੁੱਟ ਕਰ ਦਿੱਤਾ ਸੀ। 1982 ਵਿੱਚ ਪਟਿਆਲਾ ਦੇ ਕਪੂਰੀ ਵਿੱਚ ਪ੍ਰਧਾਨ ਮੰਤਰੀ ਨੇ ਨਹਿਰ ਦੇ ਨਿਰਮਾਣ ਦਾ ਰਸਮੀ ਉਦਘਾਟਨ ਕਰ ਦਿੱਤਾ ਗਿਆ ਸੀ। 1982 ਵਿੱਚ ਵਿਰੋਧ ਤੋਂ ਬਾਅਦ ਕਈ ਥਾਵਾਂ ‘ਤੇ ਇਸ ਨੂੰ ਮਿੱਟੀ ਨਾਲ ਭਰ ਦਿੱਤਾ ਸੀ। ਇਸ ਦਰਮਿਆਨ ਪੰਜਾਬ ਵਿੱਚ ਇਸ ਨਹਿਰ ਦੇ ਵਿਰੋਧ ਵਿੱਚ ਆਵਾਜ਼ਾਂ ਉੱਠਣ ਲੱਗੀਆਂ। ਨਹਿਰ ਦੇ ਰੋਸ ਵਜੋਂ ਅੰਮ੍ਰਿਤਸਰ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ ਸੀ।

ਸਰਕਾਰ ਦੁਆਰਾ ਰੋਕਿਆ ਗਿਆ ਉਸਾਰੀ ਦਾ ਕੰਮ

ਸਾਲ 1986 ਵਿੱਚ ਰਾਵੀ ਬਿਆਸ ਵਾਟਰ ਟ੍ਰਿਬਿਊਨਲ ਬਣਾਇਆ ਗਿਆ ਤੇ ਇਸ ਨੇ 1981 ਵਿੱਚ ਸਰਕਾਰਾਂ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਸੀ। ਪੰਜਾਬ ਤੇ ਹਰਿਆਣਾ ਦੇ ਹਿੱਸੇ ਦੇ ਪਾਣੀ ਵਿੱਚ ਇਜ਼ਾਫਾ ਕਰ ਦਿੱਤਾ ਗਿਆ। ਪੰਜਾਬ ਨੂੰ 5 ਮਿਲੀਅਨ ਏਕੜ ਫੁੱਟ ਤੇ ਹਰਿਆਣਾ ਕੋਲ 3.83 ਮਿਲੀਅਨ ਏਕੜ ਫੁੱਟ ਹਿੱਸਾ ਦੇਣ ਦੇ ਹੁਕਮ ਦਿੱਤੇ ਗਏ। ਇਸ ਨਹਿਰ ਨੂੰ ਲੈ ਕੇ ਰੋਸ ਇਸ ਕਦਰ ਪ੍ਰਚੰਡ ਹੋ ਗਿਆ ਸੀ ਕਿ ਦੋ ਇੰਜੀਨੀਅਰ ਇਸ ਦੀ ਭੇਟ ਚੜ੍ਹ ਗਏ। ਨਹਿਰ ਦੀ ਉਸਾਰੀ ਕਰ ਰਹੇ ਮਜ਼ਦੂਰਾਂ ਦਾ ਫਤਹਿਗੜ੍ਹ ਸਾਹਿਬ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਰਕਾਰਾਂ ਨੇ ਬਣ ਰਹੇ ਹਾਲਾਤ ਨੂੰ ਦੇਖਦੇ ਹੋਏ ਨਹਿਰ ਦੀ ਉਸਾਰੀ ਨੂੰ ਰੋਕਣਾ ਵਾਜਿਬ ਸਮਝਿਆ।

ਹਰਿਆਣਾ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼

ਸਾਲ 1996 ਵਿੱਚ ਹਰਿਆਣਾ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ। ਲੰਮਾ ਸਮਾਂ ਤਕਰੀਰਾਂ ਮਗਰੋਂ 2002 ਵਿੱਚ ਸਿਖਰਲੀ ਅਦਾਲਤ ਨੇ ਪੰਜਾਬ ਨੂੰ ਨਹਿਰ ਦੀ ਉਸਾਰੀ ਮੁਕੰਮਲ ਕਰਨ ਦੇ ਹੁਕਮ ਦਿੱਤੇ। ਪੰਜਾਬ ਵੱਲੋਂ 2002 ਤੋਂ 2004 ਵਿਚਾਵੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦੀ ਪਟੀਸ਼ਨ ਖ਼ਾਰਿਜ ਕਰ ਦਿੱਤੀ ਗਈ ਸੀ। 2004 ਵਿੱਚ ਸੁਪਰੀਮ ਕੋਰਟ ਨੇ ਪੰਜਾਬ ਨੂੰ ਐਸਵਾਈਐਲ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਸਨ।

‘ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ’

ਪੰਜਾਬ ਸਰਕਾਰ ਵੱਲੋਂ 2004 ‘ਚ ਵਿਧਾਨ ਸਭਾ ਸੈਸ਼ਨ ਬੁਲਾ ਕੇ ਪੰਜਾਬ ‘ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ’ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਐਕਟ ਤਹਿਤ ਗੁਆਂਢੀ ਰਾਜਾਂ ਨਾਲ ਪਾਣੀ ਦੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਗਿਆ ਸੀ। 2016 ਵਿੱਚ ਇਸ ਮਾਮਲੇ ਉਤੇ ਸੁਪਰੀਮ ਕੋਰਟ ਵਿੱਚ ਮੁੜ ਸੁਣਵਾਈ ਹੋਈ। 2016 ਵਿੱਚ ਪੰਜਾਬ ਸਰਕਾਰ ਨੇ ਪੰਜਾਬ ਸਤਲੁਜ-ਯਮੁਨਾ ਲਿੰਕ ਕਨਾਲ ਲੈਂਡ ਬਿਲ ਨੂੰ ਪ੍ਰਵਾਨਗੀ ਦੇ ਦਿੱਤੀ ਸੀ।

ਪੰਜਾਬ ਅਤੇ ਹਰਿਆਣਾ ‘ਚ ਸ਼ਾਂਤੀ ਕਾਇਮ ਰੱਖੀ ਜਾਵੇ- ਸੁਪਰੀਮ ਕੋਰਟ

ਇਸ ਬਿੱਲ ਦੀ ਪ੍ਰਵਾਨਗੀ ਮਗਰੋਂ ਐਕਵਾਇਰ ਕੀਤੀ ਜ਼ਮੀਨ ਮਾਲਕਾਂ ਨੂੰ ਮੁੜ ਵਾਪਸ ਦੇਣ ਦੀ ਗੱਲ ਆਖੀ ਗਈ ਸੀ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਕੁਝ ਦਿਨ ਬਾਅਦ ਸੁਪਰੀਮ ਕੋਰਟ ਨੇ ਨਹਿਰ ਦੀ ਸਥਿਤੀ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸੁਪਰੀਮ ਕੋਰਟ ਨੇ ਕਿਹਾ, ‘ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ‘ਚ ਸ਼ਾਂਤੀ ਬਣਾਈ ਰੱਖੀ ਜਾਵੇ। ਇਸ ਦੇਸ਼ ਦੇ ਹਰ ਨਾਗਰਿਕ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਦਾਲਤ ਵਿੱਚ ਕਾਰਵਾਈ ਚੱਲ ਰਹੀ ਹੋਵੇ ਤਾਂ ਪੈਂਡਿੰਗ ਮੁੱਦੇ ‘ਤੇ ਕਿਸੇ ਕਿਸਮ ਦਾ ਅੰਦੋਲਨ ਨਹੀਂ ਕਰਨਾ ਚਾਹੀਦਾ। 2020 ਵਿੱਚ ਸਿਖਰਲੀ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਸਹਿਮਤੀ ਨਾਲ ਮੁੱਦੇ ਦਾ ਹੱਲ ਕੱਢਣ ਲਈ ਕਿਹਾ ਗਿਆ।

 

LEAVE A REPLY

Please enter your comment!
Please enter your name here