ਅੰਮ੍ਰਿਤਸਰ ਦੇ ਛੇਹਰਟਾ ‘ਚ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੇ ਤਿੰਨ ਆਰੋਪੀਆਂ ਦਾ ਐਨਕਾਊਂਟਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਐਨਕਾਊਂਟਰ ਫਤਿਹਪੁਰ ਕੇਂਦਰੀ ਜੇਲ੍ਹ ਤੋਂ ਕੁਝ ਦੂਰੀ ‘ਤੇ ਝਬਾਲ ਰੋਡ ‘ਤੇ ਹੋਇਆ ਹੈ।
ਪੁਲਿਸ ਨੂੰ ਦੇਖ ਕੇ ਆਰੋਪੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਸੀ,ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਗੋਪੀ ਜ਼ਖਮੀ ਹੋ ਗਿਆ ,ਜਦੋਂ ਕਿ ਬਾਕੀ ਪੁਲਿਸ ਹਿਰਾਸਤ ਵਿੱਚ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਕਿਸ਼ਨਾ ਗਰੁੱਪ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨਾਂ ਦੀ ਪਛਾਣ ਬਚਿੱਤਰ ਸਿੰਘ ਅਤੇ ਆਨੰਦ ਦੇ ਰੂਪ ਵਿੱਚ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ 2 ਪਿਸਤੋਲ ਤੇ 7 ਕਾਰਤੂਸ ਵੀ ਬਰਾਮਦ ਹੋਏ ਹਨ। ਹਾਲਾਂਕਿ ਇਨ੍ਹਾਂ ਦੋਵਾਂ ਦਾ ਇਸ ਕਤਲ ਕਾਂਡ ਵਿੱਚ ਕਿਸੇ ਵੀ ਤਰੀਕੇ ਦਾ ਹੱਥ ਨਹੀਂ ਸੀ ਪਰ ਇਹ ਕ੍ਰਿਸ਼ਨਾਂ ਗਰੁੱਪ ਦੇ ਮੈਂਬਰ ਸੀ, ਜਿਸ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਹਥਿਆਰਾਂ ਦੀ ਵੀ ਬਰਾਮਦਗੀ ਹੋਈ।
ਉਧਰ, ਐਸਐਸਪੀ ਦਿਹਾਤੀ, ਮਨਿੰਦਰ ਸਿੰਘ ਨੇ ਐਤਵਾਰ ਨੂੰ ਦੱਸਿਆ ਸੀ ਕਿ ਦੋਵੇਂ ਗਰੁੱਪਾਂ ਕ੍ਰਿਸ਼ਨਾ ਗਰੁੱਪ ਤੇ ਹਰਜਿੰਦਰ ਗਰੁੱਪ ਦੇ ਵਿੱਚ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਪੁਲਿਸ ਨੇ ਕਤਲ ਮਾਮਲੇ ਵਿੱਚ 3 ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਦਕਿ ਵਾਰਦਾਤ ਵਿੱਚ ਵਰਤੇ ਗਏ ਵਾਹਨ ਦੀ ਵੀ ਪਛਾਣ ਹੋਈ ਹੈ।