ਅਕਾਲੀ ਦਲ ‘ਤੇ ਕਾਬਜ਼ ਰਹਿਣ ਲਈ ਬਾਦਲ ਧੜੇ ਦਾ ਨਵਾਂ ਪੈਂਤੜਾ! ਪੰਥਕ ਧਿਰਾਂ ਬੋਲੀਆਂ ਹੁਣ ਤਾਂ ਹੱਦ ਹੀ ਹੋ ਗਈ

0
217
ਅਕਾਲੀ ਦਲ 'ਤੇ ਕਾਬਜ਼ ਰਹਿਣ ਲਈ ਬਾਦਲ ਧੜੇ ਦਾ ਨਵਾਂ ਪੈਂਤੜਾ! ਪੰਥਕ ਧਿਰਾਂ ਬੋਲੀਆਂ ਹੁਣ ਤਾਂ ਹੱਦ ਹੀ ਹੋ ਗਈ

 

ਸ਼੍ਰੋਮਣੀ ਅਕਾਲੀ ਦਲ: ਬਾਦਲ ਧੜਾ ਸ਼੍ਰੋਮਣੀ ਅਕਾਲੀ ਦਲ ਉਪਰ ਕਾਬਜ਼ ਰਹਿਣ ਲਈ ਹਰ ਹਰਬਾ ਵਰਤ ਰਿਹਾ ਹੈ ਪਰ ਉਸ ਦੇ ਹਰ ਨਵੇਂ ਪੈਂਤੜੇ ਨਾਲ ਪੰਥਕ ਧਿਰਾਂ ਅੰਦਰ ਰੋਸ ਵਧਦਾ ਜਾ ਰਿਹਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਸਬੰਧੀ ਆਦੇਸ਼ਾਂ ਨੂੰ ਅਣਡਿੱਠ ਕੀਤੇ ਜਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਮੁੜ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਬਾਦਲ ਧੜਾ ਸੁਖਬੀਰ ਬਾਦਲ ਦਾ ਅਸਤੀਫਾ ਸਵੀਕਾਰਨ ਕਰਨ ਤੋਂ ਆਨਾਕਾਨੀ ਕਰਦਾ ਰਿਹਾ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਖਤ ਸਟੈਂਡ ਲਏ ਜਾਣ ਕਰਕੇ ਆਖਰ ਅਸਤੀਫਾ ਸਵੀਕਾਰ ਕਰਨਾ ਹੀ ਪਿਆ।

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਸਬੰਧਤ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਆਦੇਸ਼ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਮੁੜ ਅਣਡਿੱਠ ਕੀਤੇ ਜਾਣ ਕਾਰਨ ਨਿਰਾਸ਼ਾ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਆਪਣੇ ਤੌਰ ’ਤੇ ਬਣਾਈ ਗਈ ਸਮਾਨੰਤਰ ਕਮੇਟੀ ਨੂੰ ਲੈ ਕੇ ਦੁਬਿਧਾ ਵਾਲੀ ਸਥਿਤੀ ਹੈ।

ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਨ੍ਹਾਂ ਮੁੜ ਆਖਿਆ ਹੈ ਕਿ ਇਸ ਕਮੇਟੀ ਦੀ ਹੋਂਦ ਕਾਇਮ ਹੈ ਤੇ ਇਹ ਕਮੇਟੀ ਕਾਰਜਸ਼ੀਲ ਹੈ। ਉਹ ਇਸ ਮਾਮਲੇ ਵਿੱਚ ਸਪਸ਼ਟਤਾ ਲਈ ਜਲਦੀ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਮਾਮਲੇ ਵਿੱਚ ਬੇਲੋੜੇ ਤੇ ਬੇਅਰਥ ਤਰਕ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।

ਉਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਵੀ ਦੋਸ਼ ਲਾਇਆ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਇੰਨ ਬਿੰਨ ਲਾਗੂ ਕਰਨ ਤੋਂ ਭੱਜ ਰਹੀ ਹੈ। ਨਿਯਮਾਂ ਅਨੁਸਾਰ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੇ ਡੈਲੀਗੇਟ ਦੀ ਭਰਤੀ ਕਰ ਸਕਦੀ ਹੈ ਪਰ ਅਕਾਲੀ ਲੀਡਰਸ਼ਿਪ ਨੇ ਇਸ ਸਬੰਧੀ ਆਪਣੇ ਲੀਡਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨ ਤੇ ਜਥੇਬੰਦੀ ਦੀ ਨਵੀਂ ਭਰਤੀ ਦੀ ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਕਰਨ ਦੇ ਫੈਸਲੇ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਅੱਜ ਵੀ ਸਟੈਂਡ ਕਰਦੀ ਹੈ ਤੇ ਉਸ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਹੈ। ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਜਥੇਬੰਦੀ ਦੀ ਨਵੀਂ ਭਰਤੀ ਸਬੰਧੀ ਸ਼੍ਰੀ ਅਕਾਲ ਤਖ਼ਤ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਅਣਡਿੱਠਾ ਕਰ ਦਿੱਤਾ ਗਿਆ ਸੀ ਤੇ ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸੀਨੀਅਰ ਆਗੂ ਆਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਹਨ।

ਜਥੇਦਾਰ ਰਘਬੀਰ ਸਿੰਘ ਨੇ ਕਿਹਾ ਹੈ ਕਿ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਤੇ ਉਸ ਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਤਾਂ ਇਹ ਆਨਾਕਾਨੀ ਕਰਨ ਵਾਲੇ ਰਵੱਈਏ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਅਸਿੱਧੇ ਰੂਪ ਵਿੱਚ ਅਕਾਲੀ ਦਲ ਦੇ ਇਸ ਸਬੰਧੀ ਫੈਸਲੇ ਨਾਲ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਆਖਿਆ ਕਿ ਅਕਾਲ ਤਖ਼ਤ ਵੱਲੋਂ ਕੀਤੇ ਗਏ ਫੈਸਲੇ ਨੂੰ ਹੂਬਹੂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੀਡੀਆ ਵਿੱਚ ਇਸ ਬਾਰੇ ਕਹਿ ਚੁੱਕੇ ਹਨ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਕੀਤੇ ਗਏ ਆਦੇਸ਼ ਇਨ ਬਿਨ ਤੇ ਹੂਬਹੂ ਲਾਗੂ ਹੋਣੇ ਚਾਹੀਦੇ ਹਨ। ਇਸ ਮਾਮਲੇ ਵਿੱਚ ਆਨਾਕਾਨੀ ਨਹੀਂ ਕਰਨੀ ਚਾਹੀਦੀ।

ਦੱਸ ਦਈਏ ਕਿ ਗਠਿਤ ਕੀਤੀ ਗਈ ਸੱਤ ਮੈਂਬਰੀ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਸੱਤ ਮੈਂਬਰੀ ਕਮੇਟੀ ਨੂੰ ਭਾਵੇਂ ਅਣਡਿੱਠਾ ਕੀਤਾ ਗਿਆ ਹੈ ਪਰ ਇਸ ਕਮੇਟੀ ਦੇ ਪੰਜ ਮੈਂਬਰ ਵੱਖ-ਵੱਖ ਸੂਬਿਆਂ ਤੇ ਥਾਵਾਂ ’ਤੇ ਭਰਤੀ ਸਬੰਧੀ ਚੋਣ ਆਬਜ਼ਰਵਰ ਲਾਏ ਹਨ ਪਰ ਬਾਗੀ ਧਿਰ ਵੱਲੋਂ ਕਿਸੇ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here