ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਚਾਲੇ ਟਕਰਾਅ ਵੱਧ ਗਿਆ ਹੈ। ਦੋਵਾਂ ਸੰਸਥਾਵਾਂ ਪੰਥਕ ਮੁੱਦਿਆਂ ‘ਤੇ ਆਮਣੇ-ਸਾਹਮਣੇ ਆ ਗਈਆਂ ਹਨ। ਇਸੇ ਕਾਰਨ ਸਿੱਖ ਸੰਗਤ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅੱਜ ਤੱਕ ਇਹੀ ਗੱਲ ਚੱਲਦੀ ਆ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਅਧਿਕਾਰ SGPC ਕੋਲ ਨਹੀਂ ਹੈ। SGPC ਨੂੰ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਹੋਰ ਗ੍ਰੰਥੀਆਂ ਦੀ ਨਿਯੁਕਤੀ ਅਤੇ ਹਟਾਉਣ ਦਾ ਹੱਕ ਹੈ। ਪਰ ਹੁਣ SGPC ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਮਿਲ ਕੇ ਦਾਅਵਾ ਕੀਤਾ ਹੈ ਕਿ SGPC ਜਥੇਦਾਰਾਂ ਨੂੰ ਹਟਾ ਸਕਦੀ ਹੈ ਅਤੇ ਨਿਯੁਕਤ ਕਰਨ ਦਾ ਵੀ ਅਧਿਕਾਰ ਰੱਖਦੀ ਹੈ। ਨਾਲ ਹੀ, SGPC ਨੇ ਇਹ ਵੀ ਕਿਹਾ ਕਿ ਜਥੇਦਾਰ ਦੇ ਬਿਆਨ ਅਤੇ ਸੰਦੇਸ਼ ਸਰਵਵਿਆਪਕ ਨਹੀਂ ਹੁੰਦੇ ਅਤੇ SGPC ਕੋਲ ਜਥੇਦਾਰਾਂ ਦੇ ਮਾਮਲਿਆਂ ਦੀ ਜਾਂਚ ਕਰਨ ਦਾ ਵੀ ਹੱਕ ਹੈ।
SGPC ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਗੱਲ ‘ਤੇ ਜਥੇਦਾਰ ਅਕਾਲ ਤਖ਼ਤ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸਖ਼ਤ ਨਾਰਾਜ਼ਗੀ ਜਤਾਈ ਅਤੇ ਪ੍ਰੈੱਸ ਕਾਨਫ਼ਰੰਸ ਕਰਕੇ SGPC ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਕਹੀਆਂ ਗੱਲਾਂ ਦਾ ਖੁਲਾਸਾ ਵੀ ਕੀਤਾ। ਇਸ ਕਾਰਨ ਸਿੱਖ ਸੰਗਤ ਵਿੱਚ ਅਕਾਲੀ ਨੇਤ੍ਰਤਵ ਅਤੇ SGPC ‘ਤੇ ਕਬਜ਼ਾ ਗਰੁੱਪ ਖਿਲਾਫ਼ ਰੋਸ ਹੋਰ ਵਧ ਗਿਆ ਹੈ।
SGPC ਮੈਂਬਰਾਂ ਖ਼ਿਲਾਫ਼ ਆਮ ਲੋਕਾਂ ਵਿੱਚ ਨਾਰਾਜ਼ਗੀ
ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਮੰਗ ਉਠਦੀ ਆ ਰਹੀ ਹੈ ਕਿ SGPC ਆਪਣੀ ਮਨਮਾਨੀ ਕਰਦੇ ਹੋਏ ਆਪਣੇ ਪ੍ਰਬੰਧ ਅਧੀਨ ਆਉਣ ਵਾਲੇ ਤਿੰਨ ਤਖ਼ਤ ਸਾਹਿਬਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਦੇ ਫੈਸਲੇ ਆਪਣੇ ਮਨਮੁੱਟਾਵੇ ਅਨੁਸਾਰ ਕਰਦੀ ਹੈ। ਇਸ ਕਾਰਨ ਹੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤਖ਼ਤ ਸਾਹਿਬਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਕਾਨੂੰਨੀ ਨਿਯਮ ਬਣਾਏ ਜਾਣ। ਪਰ SGPC ਨੇ ਅੱਜ ਤੱਕ ਇਸ ਬਾਰੇ ਕੋਈ ਨਿਯਮ ਨਹੀਂ ਬਣਾਇਆ ਅਤੇ ਨਾ ਹੀ ਇਹ ਸਪਸ਼ਟ ਕੀਤਾ ਹੈ ਕਿ ਗੁਰਦੁਆਰਾ ਐਕਟ ਅਨੁਸਾਰ SGPC ਨੂੰ ਜਥੇਦਾਰ ਹਟਾਉਣ ਜਾਂ ਨਿਯੁਕਤ ਕਰਨ ਦਾ ਅਧਿਕਾਰ ਹੈ ਜਾਂ ਨਹੀਂ।
ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ SGPC ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਖ਼ਿਲਾਫ਼ ਆਮ ਲੋਕਾਂ ਦਾ ਰੋਸ਼ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਜੇਕਰ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ SGPC ਅਤੇ ਤਖ਼ਤ ਸਾਹਿਬਾਂ ਦੇ ਜਥੇਦਾਰਾਂ ਵਿਚਾਲੇ ਟਕਰਾਅ ਹੋਰ ਗੰਭੀਰ ਹੋ ਸਕਦਾ ਹੈ।