ਅਮਰੀਕਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਭਾਰਤੀ ਮੂਲ ਦੇ ਪਰਿਵਾਰ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਮਿਲੀਆਂ ਹਨ। ਮਰਨ ਵਾਲਿਆਂ ਵਿੱਚ ਮਾਂ-ਪਿਓ ਤੇ ਉਨ੍ਹਾਂ ਦੇ ਜੌੜੇ ਬੱਚੇ ਸ਼ਾਮਲ ਹਨ। ਪੁਲਿਸ ਨੂੰ ਇਨ੍ਹਾਂ ਦੀਆਂ ਲਾਸ਼ਾਂ ਬੈੱਡਰੂਮ ’ਚੋਂ ਮਿਲੀਆਂ ਹਨ। ਇਸ ਲਈ ਪੁਲਿਸ ਖੁਦਕੁਸ਼ੀ ਸਣੇ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ ।
ਹਾਸਲ ਜਾਣਕਾਰੀ ਮੁਤਾਬਕ ਚਾਰ ਸਾਲ ਦੇ ਜੌੜੇ ਬੱਚਿਆਂ ਸਮੇਤ ਭਾਰਤੀ ਮੂਲ ਦੇ ਇੱਕ ਪਰਿਵਾਰ ਦੀਆਂ ਲਾਸ਼ਾਂ ਕੈਲੀਫੋਰਨੀਆ ’ਚ ਉਨ੍ਹਾਂ ਦੇ ਘਰ ’ਚੋਂ ਭੇਤਭਰੀ ਹਾਲਤ ’ਚ ਬਰਾਮਦ ਹੋਈਆਂ ਹਨ। ਪੁਲਿਸ ਇਸ ਕੇਸ ਦੀ ਖੁਦਕੁਸ਼ੀ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਅਮਰੀਕਾ ’ਚ ਭਾਰਤੀ ਭਾਈਚਾਰੇ ਨਾਲ ਵਾਪਰ ਰਹੀਆਂ ਘਟਨਾਵਾਂ ਦਰਮਿਆਨ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੀੜਤਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ, ਪਤਨੀ ਐਲਿਸ ਪ੍ਰਿਯੰਕਾ ਤੇ ਚਾਰ ਸਾਲ ਦੇ ਜੌੜੇ ਲੜਕਿਆਂ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬੈੱਡਰੂਮ ’ਚ ਮਿਲੀਆਂ ਹਨ। ਬੱਚਿਆਂ ’ਤੇ ਗੋਲੀ ਦਾ ਕੋਈ ਜ਼ਖ਼ਮ ਨਹੀਂ ਮਿਲਿਆ ਹੈ। ਪੁਲਿਸ ਵਿਭਾਗ ਦੇ ਜਨ ਸੂਚਨਾ ਅਧਿਕਾਰੀ ਜੇਰਮੀ ਸੁਰਾਤ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਮਗਰੋਂ ਲੱਗੇਗਾ।
ਉਨ੍ਹਾਂ ਕਿਹਾ ਕਿ ਪਤੀ ਤੇ ਪਤਨੀ ਦੀਆਂ ਲਾਸ਼ਾਂ ਬਾਥਰੂਮ ’ਚੋਂ ਬਰਾਮਦ ਹੋਈਆਂ ਹਨ ਤੇ ਉਨ੍ਹਾਂ ਦੇ ਸਰੀਰ ’ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਤੋਂ 9 ਐਮਐਮ ਦੀ ਪਿਸਟਲ ਤੇ ਲੋਡਿਡ ਮੈਗਜ਼ੀਨ ਮਿਲੀ ਹੈ। ਪੁਲਿਸ ਮੁਤਾਬਕ ਇਹ ਘਟਨਾ ਸਾਂ ਮੈਤਿਉ ’ਚ ਸੋਮਵਾਰ ਨੂੰ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਘਰ ’ਚੋਂ ਪਿਛਲੇ ਕੁਝ ਦਿਨਾਂ ਤੋਂ ਕੋਈ ਹਲਚਲ ਨਹੀਂ ਦਿਖ ਰਹੀ ਹੈ।
ਪੁਲਿਸ ਨੂੰ ਘਰ ’ਚ ਜਬਰੀ ਦਾਖ਼ਲੇ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਅਦਾਲਤੀ ਰਿਕਾਰਡ ਮੁਤਾਬਕ ਪਤੀ ਨੇ ਦਸੰਬਰ 2016 ’ਚ ਤਲਾਕ ਦੀ ਅਰਜ਼ੀ ਦਿੱਤੀ ਸੀ ਪਰ ਬਾਅਦ ’ਚ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਇਸ ਮਾਮਲੇ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਇਹ ਖਬਰ ਭਾਰਤੀ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।