ਅਸਾਮ ਵਿੱਚ ਭਾਰੀ ਮੀਂਹ ਦੇ ਤੂਫਾਨੀ ਜ਼ਮੀਨ ਖਿਸਕ: ਭਾਰੀ ਬਾਰਿਸ਼ ਤੋਂ ਬਾਅਦ ਅਸਾਮ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਹਫੜਾ-ਦਫੜੀ ਮਚੀ ਹੋਈ ਹੈ। ਹੜ੍ਹਾਂ ਕਾਰਨ ਹੋਈ ਤਬਾਹੀ ਕਰਕੇ ਬਹੁਤ ਸਾਰੇ ਘਰ ਪਾਣੀ ਵਿੱਚ ਡੁੱਬ ਗਏ ਹਨ ਅਤੇ ਕਿਸਾਨਾਂ ਦੇ ਖੇਤ ਹਮੇਸ਼ਾ ਲਈ ਬਰਬਾਦ ਹੋ ਗਏ ਹਨ। ਹਾਲਾਤ ਅਜਿਹੇ ਹਨ ਕਿ ਸਭ ਕੁਝ ਡੁੱਬ ਗਿਆ ਹੈ। ਖਾਣ ਲਈ ਕੋਈ ਜਗ੍ਹਾ ਨਹੀਂ ਹੈ। ਪੀਣ ਲਈ ਪਾਣੀ ਨਹੀਂ ਹੈ। ਹੁਣ ਬਚਾਅ ਟੀਮ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲੈ ਜਾ ਰਹੀ ਹੈ।
ਪਿਛਲੇ 24 ਘੰਟਿਆਂ ‘ਚ 17 ਲੋਕਾਂ ਦੀ ਹੋਈ ਮੌਤ
ਉੱਤਰ-ਪੂਰਬੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇਸ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਵਿੱਚ ਇਸ ਖੇਤਰ ਵਿੱਚ ਘੱਟੋ-ਘੱਟ 17 ਲੋਕਾਂ ਦੀ ਜਾਨ ਗਈ ਹੈ। ਅਸਾਮ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਜਾਨ ਗਈ ਹੈ। ਗੁਹਾਟੀ ਦੇ ਵੱਡੇ ਹਿੱਸੇ ਹੜ੍ਹਾਂ ਨਾਲ ਭਰੇ ਹੋਏ ਹਨ ਅਤੇ ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਨੇ ਅਸਾਮ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਲਖੀਮਪੁਰ ਜ਼ਿਲ੍ਹੇ ਦਾ ਵੱਡਾ ਹਿੱਸਾ ਪਾਣੀ ‘ਚ ਡੁੱਬਿਆ
ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਨੀਵੇਂ ਇਲਾਕਿਆਂ ਵਿੱਚ ਵੜ ਗਿਆ ਹੈ, ਜਿਸ ਕਾਰਨ ਲਖੀਮਪੁਰ ਜ਼ਿਲ੍ਹੇ ਦੇ ਵੱਡੇ ਹਿੱਸੇ ਪਾਣੀ ਵਿੱਚ ਡੁੱਬ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਕਈ ਏਜੰਸੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਤੰਬੂਆਂ ਵਿੱਚ ਪਨਾਹ ਲਈ ਹੈ।
ਪੰਜਾਬ ‘ਚ ਵੀ ਸ਼ੁਰੂ ਹੋਇਆ ਮੀਂਹ
ਉਧਰ, ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀ ਹਨ੍ਹੇਰੀ ਤੇ ਮੀਂਹ ਵਿਖਾਈ ਦੇ ਰਿਹਾ ਹੈ। ਜਲੰਧਰ ‘ਚ ਤੇਜ਼ ਹਨ੍ਹੇਰੀ ਤੋਂ ਬਾਅਦ ਮੀਂਹ ਸ਼ੁਰੂ ਹੋਇਆ। ਜਦਕਿ ਰਾਜਪੁਰਾ ਅਤੇ ਮਲੇਰਕੋਟਲਾ ਵਿੱਚ ਵੀ ਰੁਕ-ਰੁਕ ਕੇ ਲਗਾਤਾਰ ਮੀਂਹ ਪੈ ਰਿਹਾ ਹੈ।