ਗੁਰਦਾਸਪੁਰ ‘ਚ ਅੰਧਵਿਸ਼ਵਾਸ ‘ਚ 3 ਬੱਚਿਆਂ ਦੇ ਪਿਤਾ ਦਾ ਕਤਲ ਗੁਰਦਾਸਪੁਰ ਦੇ ਧਾਰੀਵਾਲ ਦੇ ਪਿੰਡ ਸਿੰਘਪੁਰ ‘ਚ ਅੰਧਵਿਸ਼ਵਾਸ ਕਾਰਨ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦਰਾਅਸਰ ਇੱਕ ਪਾਦਰੀ ਅਤੇ ਉਸ ਦੇ ਸਾਥੀਆਂ ਨੇ ਤਿੰਨ ਬੱਚਿਆਂ ਦੇ ਪਿਤਾ ਸੈਮੂਅਲ ਮਸੀਹ ਨੂੰ ਉਸ ਵਿੱਚੋਂ ਸ਼ੈਤਾਨ ਕੱਢਣ ਲਈ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਸੈਮੂਅਲ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਗਰੀਬ ਪਰਿਵਾਰ ਹੋਣ ਕਾਰਨ ਨਹੀਂ ਦਿੱਤੀ ਸ਼ਿਕਾਇਤ
ਦੱਸ ਦਈਏ ਕਿ ਗਰੀਬ ਪਰਿਵਾਰ ਹੋਣ ਕਾਰਨ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ। 2 ਦਿਨਾਂ ਬਾਅਦ ਰਿਸ਼ਤੇਦਾਰਾਂ ਦੇ ਕਹਿਣ ‘ਤੇ ਇਸ ਘਟਨਾ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਡਿਊਟੀ ਮੈਜਿਸਟਰੇਟ ਦੀ ਅਗਵਾਈ ਹੇਠ ਮੌਕੇ ’ਤੇ ਪੁੱਜੀ ਪੁਲਿਸ ਨੇ ਕਬਰ ਪੁੱਟ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਜਾਰੀ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਵਾਪਰੀ ਪੂਰੀ ਘਟਨਾ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਸੈਮੂਅਲ ਮਸੀਹ ਦੀ ਪਤਨੀ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ ਕੋਈ ਪਰੇਸ਼ਾਨੀ ਸੀ। ਮ੍ਰਿਤਕ ਨੂੰ ਕਈ ਵਾਰ ਦੌਰਾ ਪੈ ਰਿਹਾ ਸੀ, ਜਿਸ ਕਾਰਨ ਉਹਨਾਂ ਨੇ ਆਪਣੇ ਘਰ ਪਾਦਰੀ ਨੂੰ ਬੁਲਾਇਆ ਤੇ ਅਰਦਾਸ ਕਰਨ ਲਈ ਕਿਹਾ ਤਾਂ ਜੋ ਉਸ ਦਾ ਪਤੀ ਠੀਕ ਹੋ ਸਕੇ। ਉਹਨਾਂ ਨੇ ਦੱਸਿਆ ਕਿ ਸਾਡੇ ਬੁਲਾਉਣ ਤੋਂ ਬਾਅਦ ਪਾਦਰੀ ਕੁਝ ਦੋਸਤਾਂ ਨਾਲ ਉਹਨਾਂ ਦੇ ਘਰ ਆਇਆ ਅਤੇ ਉਸ ਦੇ ਪਤੀ ਲਈ ਅਰਦਾਸ ਕਰਨ ਲੱਗਾ। ਪਾਦਰੀ ਨੇ ਦੱਸਿਆ ਕਿ ਇੱਕ ਸ਼ੈਤਾਨ ਉਸ ਦੇ ਅੰਦਰ ਵੜ ਗਿਆ ਸੀ ਅਤੇ ਸ਼ੈਤਾਨ ਨੂੰ ਬਾਹਰ ਕੱਢਣ ਲਈ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਨੌਜਵਾਨ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਦੋ ਦਿਨਾਂ ਬਾਅਦ ਲਾਸ਼ ਨੂੰ ਕਬਰਸਤਾਨ ਤੋਂ ਕੱਢਿਆ ਬਾਹਰ
ਗਰੀਬ ਪਰਿਵਾਰ ਹੋਣ ਕਾਰਨ ਪੀੜਤ ਪਰਿਵਾਰ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਕਬਰਸਤਾਨ ਵਿੱਚ ਦਫ਼ਨਾ ਦਿੱਤਾ। 2 ਦਿਨਾਂ ਬਾਅਦ ਜਦੋਂ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕਿਹਾ ਕਿ ਪੁਜਾਰੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇ ਤਾਂ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਕਬਰਸਤਾਨ ਪਹੁੰਚ ਕੇ ਵਿਅਕਤੀ ਦੀ ਲਾਸ਼ ਨੂੰ ਕਬਰ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਅੰਧਵਿਸ਼ਵਾਸ ਵਿੱਚ ਫਸਾ ਕੇ ਕਤਲ ਕਰਨ ਵਾਲੇ ਪਾਦਰੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਘਟਨਾ ਸਬੰਧੀ ਡਿਊਟੀ ਮੈਜਿਸਟ੍ਰੇਟ ਇੰਦਰਜੀਤ ਕੌਰ ਅਤੇ ਡੀ.ਐਸ.ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਿੰਘਪੁਰ ਵਿਖੇ ਇੱਕ ਵਿਅਕਤੀ ਨੂੰ ਅੰਧਵਿਸ਼ਵਾਸ ਦੇ ਚੱਲਦਿਆਂ ਪਾਦਰੀ ਅਤੇ ਉਸਦੇ ਸਾਥੀਆਂ ਨੇ ਸੈਮੂਅਲ ਮਸੀਹ ਨੂੰ ਸ਼ੈਤਾਨ ਕੱਢਣ ਲਈ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਦਫਨਾ ਦਿੱਤਾ ਸੀ, ਪਰ ਹੁਣ ਸ਼ਿਕਾਇਤ ਮਿਲਣ ‘ਤੇ ਉਕਤ ਵਿਅਕਤੀ ਦੀ ਲਾਸ਼ ਨੂੰ ਦੁਬਾਰਾ ਕਬਰਸਤਾਨ ‘ਚੋਂ ਬਾਹਰ ਕੱਢਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਜਾਰੀ ਸਮੇਤ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।