ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਦੋਨੀ ਗੈਂਗ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਅੰਮ੍ਰਿਤਸਰ ਦੇ ਦਿਹਾਤੀ ਖੇਤਰ ‘ਚ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਗੋਲੀਬਾਰੀ ਹੋਣ ਦੀ ਖ਼ਬਰ ਹੈ। ਮੁਕਾਬਲੇ ਤੋਂ ਬਾਅਦ ਪੁਲਿਸ ਵੱਲੋਂ 5 ਗੈਂਗਸਟਰਾਂ ਨੂੰ ਫੜ ਲਿਆ ਗਿਆ ਹੈ, ਜਦਕਿ ਪੁਲਿਸ ਦੀ ਜਵਾਬੀ ਕਾਰਵਾਈ ‘ਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ।
ਪੁਲਿਸ ਜਾਣਕਾਰੀ ਅਨੁਸਾਰ ਇਹ ਫੜੇ ਗਏ ਗੈਂਗਸਟਰ, ਬਲਵਿੰਦਰ ਸਿੰਘ ਦੋਨੀ ਗੈਂਗ ਨਾਲ ਸਬੰਧਤ ਹਨ। ਜਾਣਕਾਰੀ ਅਨੁਸਾਰ ਗੈਂਗਸਟਰ ਤੇ ਪੁਲਿਸ ਵਿਚਾਲੇ ਇਹ ਮੁਕਾਬਲਾ ਸਰਹੱਦੀ ਖੇਤਰ ਲੋਪੋਕੇ ਪਿੰਡ ਕਲੇਰ ਵਿੱਚ ਹੋਇਆ। ਇਸ ਸਬੰਧੀ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕੁੱਝ ਗੈਂਗਸਟਰ ਦੀ ਸੂਚਨਾ ਮਿਲੀ ਸੀ, ਜਿਸ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਨਾਕਾਬੰਦੀ ਚੱਲ ਰਹੀ ਸੀ। ਇਸ ਦੌਰਾਨ ਜਦੋਂ ਪੁਲਿਸ ਨੇ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਹਰਿਆਣਾ ਨੰਬਰ ਦੀ ਗੱਡੀ ਦੇ ਚਾਲਕ ਨੇ ਗੱਡੀ ਭਜਾ ਲਈ। ਉਪਰੰਤ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਵਾਰਨਿੰਗ ਵੀ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ ਇੱਕ ਗੈਂਗਸਟਰ ਖੁਸ਼ਪ੍ਰੀਤ ਸਿੰਘ ਦੀ ਲੱਤ ‘ਚ ਗੋਲੀ ਵੱਜੀ ਹੈ ਅਤੇ ਕੁੱਲ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਧਗਸਨਾ ਥਾਣਾ ਸਦਰ ਪੱਟੀ, ਚਦਨ ਸਿੰਘ ਵਾਸੀ ਚੂਸਲਾਵੜ, ਜਸ਼ਨਪ੍ਰੀਤ ਸਿੰਘ ਵਾਸੀ ਸੀਤੋ ਮਾਈ ਝੁੱਗਾ, ਗੁਰਮਨਪ੍ਰੀਤ ਸਿੰਘ ਕੁਲਾ ਚੌਂਕ ਪੱਟੀ, ਖੁਸ਼ਪ੍ਰੀਤ ਸਿੰਘ ਵਾਸੀ ਭੂਰਵਾਲਾ ਸਾਰੇ ਪੱਟੀ ਦੇ ਰਹਿਣ ਵਾਲੇ ਹਨ। ਇਨ੍ਹਾਂ ਕੋਲੋਂ 01 ਪਿਸਤੌਲ 32 ਬੋਰ, 10 ਜਿੰਦਾ ਕਾਰਤੂਸ 32 ਬੋਰ, 01 ਕਾਰ ਵਰਨਾ HR26BU5321 ਸਫੈਦ ਅਤੇ 05 ਫ਼ੋਨ ਬਰਾਮਦ ਕੀਤੇ ਗਏ ਹਨ।