ਅੰਮ੍ਰਿਤਸਰ ‘ਚ ਸ਼ਨੀਵਾਰ ਸਵੇਰੇ ਇਕ NRI ਪਰਿਵਾਰ ‘ਤੇ ਉਨ੍ਹਾਂ ਦੇ ਘਰ ‘ਚ ਵੜ ਕੇ ਗੋਲੀਬਾਰੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਜ਼ਖ਼ਮੀ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪਿਤਾ ਤੋਂ ਇਲਾਵਾ ਪੁਲਿਸ ਨੇ ਇਸ ਮਾਮਲੇ ਵਿੱਚ 4 ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਹਮਲਾਵਰਾਂ ਦੀ ਮਦਦ ਕੀਤੀ ਸੀ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।
ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰ ਗੁਰਿੰਦਰ ਸਿੰਘ ਸੁੱਖਾ ਗਰਨੇਡ ਵਾਸੀ ਕਪੂਰਥਲਾ ਅਤੇ ਗੁਰਕੀਰਤ ਸਿੰਘ ਗੁਰੀ ਵਾਸੀ ਜਲੰਧਰ ਹਨ। ਪੁਲਿਸ ਨੇ ਤਰਨਤਾਰਨ ਵਾਸੀ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿਚ ਹਮਲਾਵਰਾਂ ਦੀ ਮਦਦ ਕੀਤੀ ਸੀ। ਇਕ ਹੋਟਲ ਦੇ ਮਾਲਕ ਜਗਦੰਬਰ ਅਟਾਰੀ ਅਤੇ ਅਭਿਲਾਸ਼ ਭਾਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਬਿਨਾਂ ਕਿਸੇ ਆਈਡੀ ਦੇ ਆਪਣੇ ਹੋਟਲ ਵਿੱਚ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ।
NRI ‘ਤੇ ਹਮਲਾ ਕਰਨ ਵਾਲੇ ਉਸ ਦੀ ਪਹਿਲੀ ਪਤਨੀ ਦੇ ਪੇਕੇ ਵਾਲੇ ਸਨ, ਜੋ ਅਮਰੀਕਾ ਵਿਚ ਰਹਿ ਰਹੇ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪਰਿਵਾਰਕ ਮਾਮਲਾ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਤਨੀ ਦੇ ਭਰਾ ਵੱਲੋਂ ਹਮਲਾਵਰਾਂ ਨੂੰ ਪੈਸੇ ਟਰਾਂਸਫਰ ਕੀਤੇ ਗਏ ਸਨ। ਮ੍ਰਿਤਕ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਵਿੱਚ ਬੈਠ ਕੇ ਪੂਰੀ ਵਿਉਂਤਬੰਦੀ ਕੀਤੀ ਸੀ।
ਉੱਥੇ ਹੀ ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਦੀ ਟੀਮ ਮ੍ਰਿਤਕ ਪਤਨੀ ਦੇ ਪੇਕੇ ਪਿੰਡ ਟਾਂਡਾ, ਹੁਸ਼ਿਆਰਪੁਰ ਪਹੁੰਚੀ ਸੀ। ਜਿੱਥੋਂ ਮ੍ਰਿਤਕ ਪਤਨੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਚਾਰ ਹੋਰਾਂ ‘ਤੇ ਹਮਲਾਵਰਾਂ ਦੀ ਮਦਦ ਕਰਨ ਦਾ ਦੋਸ਼ ਹੈ।
ਸਪੈਸ਼ਲ ਡੀਜੀਪੀ ਡੋਕੇ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਵਿੱਚੋਂ ਇੱਕ ਜਲੰਧਰ ਅਤੇ ਦੂਜਾ ਕਪੂਰਥਲਾ ਦਾ ਰਹਿਣ ਵਾਲਾ ਹੈ। ਦੋਵੇਂ ਅਪਰਾਧਿਕ ਪਿਛੋਕੜ ਵਾਲੇ ਹਨ। ਇੱਕ ਵਿਅਕਤੀ ਖ਼ਿਲਾਫ਼ 10 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਕੁਝ ਐਨਡੀਪੀਐਸ ਅਤੇ ਲੜਾਈ ਝਗੜੇ ਨਾਲ ਸਬੰਧਤ ਹਨ। ਜਦਕਿ ਬਾਕੀਆਂ ਖਿਲਾਫ ਐਨਡੀਪੀਐਸ ਦੇ ਕੇਸ ਦਰਜ ਹਨ। ਦੋਵਾਂ ਖਿਲਾਫ LOC ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ। ਹਮਲਾਵਰ ਕਿਸ ਬਾਈਕ ‘ਤੇ ਆਏ ਸਨ, ਉਸ ਦਾ ਵੇਰਵਾ ਵੀ ਪੁਲਿਸ ਕੋਲ ਮੌਜੂਦ ਹੈ।