ਲੁਧਿਆਣਾ ਸ਼ਹਿਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੱਖੋਵਾਲ ਰੋਡ ‘ਤੇ ਰੇਲਵੇ ਕ੍ਰਾਸਿੰਗ ਫਾਟਕ ਦੇ ਕੋਲ ਸਥਿਤ ਇਕ ਸਰਕਾਰੀ ਗੋਦਾਮ ਵਿਚ ਪਈਆਂ ਬਿਜਲੀ ਦੀਆਂ ਤਾਰਾਂ ਦੇ ਸਕਰੈਪ ਅਤੇ ਕੂੜੇ ਦੇ ਢੇਰ ਨੂੰ ਦੇਰ ਸ਼ਾਮ ਸ਼ੱਕੀ ਹਾਲਾਤਾਂ ਵਿਚ ਭਿਆਨਕ ਅੱਗ ਲੱਗ ਗਈ। ਜਿਸਦੇ ਕਰਨ ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੂੰ ਦੇਖਕੇ ਹਰ ਕੋਈ ਦੰਗ ਰਹਿ ਗਿਆ।
ਫਾਇਰ ਬਿਗ੍ਰੇਡ ਵਿਭਾਗ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ ‘ਤੇ ਪਹੁੰਚੀਆਂ ਪਾਣੀ ਨਾਲ ਭਰੀਆਂ ਦਰਜ਼ਨਾਂ ਗੱਡੀਆਂ ਰਾਹੀਂ ਤੇਜ਼ ਬੌਛਾਰਾਂ ਮਾਰ ਕੇ ਅੱਗ ਦੀਆਂ ਭਿਆਨਕ ਲਪਟਾਂ ਉੱਤੇ ਕਾਬੂ ਪਾਇਆ ਗਿਆ।
ਇਲਾਕੇ ਵਿਚ ਦਹਿਸ਼ਤ ਫੈਲ ਗਈ
ਭਿਆਨਕ ਲੱਪਟਾਂ ਕਾਰਨ ਅਸਮਾਨ ‘ਚ ਕਈ ਕਿਲੋਮੀਟਰ ਦੂਰ ਤੱਕ ਫੈਲੇ ਕਾਲੇ ਧੂਏ ਦੇ ਭਾਂਬੜ ਦੇ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਬਿਜਲੀ ਦੀਆਂ ਤਾਰਾਂ ਅਤੇ ਕੂੜੇ ਨੂੰ ਲਗੀ ਅੱਗ ਨੇ ਕੁਝ ਹੀ ਘੰਟਿਆਂ ਵਿਚ ਭਿਆਨਕ ਵਿਕਰਾਲ ਰੂਪ ਧਾਰਨ ਕਰ ਲਿਆ। ਅਜਿਹੇ ਵਿਚ ਲੁਧਿਆਣਾ ਫਿਰੋਜਪੁਰ ਰੇਲਵੇ ਕ੍ਰਾਸਿੰਗ ਫਾਟਕ ਬਿਲਕੁਲ ਨੇੜੇ ਹੋਣ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਤੋਂ ਇਲਾਕਾ ਨਿਵਾਸੀ ਬੁਰੀ ਤਰ੍ਹਾਂ ਨਾਲ ਸਹਿਮ ਗਏ। ਇਲਾਕੇ ਵਿਚ ਗੱਡੀਆਂ ਦਾ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਕਈ ਘੰਟਿਆਂ ਤੱਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਮਾਮਲੇ ਨੂੰ ਲੈ ਕੇ ਛਿੜੀ ਚਰਚਾ ਨੂੰ ਦੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ ਵੱਲੋਂ ਮੀਡੀਆ ਕਰਮਚਾਰੀਆਂ ਨੂੰ ਫੋਨ ਕਰਦੇ ਹੋਏ ਸਥਿਤੀ ਸਾਫ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪੱਖੋਵਾਲ ਰੋਡ ‘ਤੇ ਲੱਗੀ ਭਿਆਨਕ ਅੱਗ ਪਾਵਰ ਕਾਮ ਵਿਭਾਗ ਨਾਲ ਸਬੰਧਤ ਬਿਜਲੀ ਦੀਆਂ ਤਾਰਾਂ ਦੇ ਜਾਲ ਵਿਚ ਟਰਾਂਸਫਾਰਮ ਨੂੰ ਨਹੀਂ ਲਗੀ ਹੈ ਬਲਕਿ ਰੇਲਵੇ ਲਾਈਨਾਂ ਦੇ ਕੋਲ ਪੈਂਦੇ ਇਕ ਸਰਕਾਰੀ ਗੁਦਾਮ ਵਿਚ ਪਈਆਂ ਬਿਜਲੀ ਦੀਆਂ ਤਾਰਾਂ ਦੇ ਸਕਰੈਪ ਅਤੇ ਕੂੜੇ ਨੂੰ ਲਗੀ ਹੋਈ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੌਕੇ ‘ਤੇ ਨਾ ਤਾਂ ਪਾਵਰ ਕਾਮ ਵਿਭਾਗ ਦਾ ਕੋਈ ਬਿਜਲੀ ਮੀਟਰ ਲਗਿਆ ਹੋਇਆ ਸੀ ਅਤੇ ਨਾ ਹੀ ਬਿਜਲੀ ਦੀਆਂ ਤਾਰਾਂ ਕ੍ਰਾਸ ਹੋ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਗ ਲੱਗਣ ਦੇ ਕਾਰਨ ਇਲਾਕੇ ਵਿਚ ਕਿਸੇ ਵੀ ਤਰਾਂ ਨਾਲ ਬਿਜਲੀ ਪ੍ਰਭਾਵਿਤ ਨਹੀਂ ਹੋਈ ਹੈ।