ਆਂਗਣਵਾੜੀ ਵਰਕਰ ਯੂਨੀਅਨ ਪੰਜਾਬ : ਪਿਛਲੇ ਲੰਮੇ ਸਮੇਂ ਤੋਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੀਆਂ ਆਲ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਮੈਂਬਰਾਂ ਵੱਲੋਂ ਬਠਿੰਡਾ ਵਿਖੇ ਅਹਿਮ ਬੈਠਕ ਕੀਤੀ ਗਈ।
ਇਸ ਬੈਠਕ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਪਹੁੰਚੇ, ਜਿਨ੍ਹਾਂ ਵੱਲੋਂ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਮੁਅਤਲ ਕੀਤੀਆਂ ਹੋਈਆਂ ਹਨ ਅਤੇ ਨਾ ਤਾਂ ਉਨ੍ਹਾਂ ਨੂੰ ਬਹਾਲ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੀ ਸੁਣਵਾਈ ਕਰ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਆਪਣੇ ਸੰਘਰਸ਼ ਦੀ ਨਵੀਂ ਵਿਉਤਬੰਦੀ ਘੜਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।
ਅਗਰ ਇਸ ਮਰਨ ਵਰਤ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਖੋਹ ਕੇ ਐਲਕੇਜੀ ਯੂਕੇਜੀ ਕਲਾਸਾਂ ਵਿੱਚ ਭਰਤੀ ਕਰਵਾਇਆ ਗਿਆ, ਜਿਸ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਬੱਚਿਆਂ ਨੂੰ ਵਾਪਸ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੁਣ ਆਂਗਣਵਾੜੀ ਵਰਕਰਾਂ ਦੀਆਂ ਪੋਸਟਾਂ ਖਤਮ ਕਰਕੇ ਵਲੰਟੀਅਰਾਂ ਨੂੰ ਭਰਤੀ ਕਰਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ਹੁਣ ਆਲ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਸੰਘਰਸ਼ ਦੀ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ, ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਇਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕੀਤਾ ਅਤੇ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇਗੀ।