ਫ਼ਿਰੋਜ਼ਪੁਰ ਸ਼ਹਿਰ ਤੋਂ ਅੱਜ ਖੌਫਨਾਕ ਮੰਜ਼ਰ ਸਾਹਮਣੇ ਆਇਆ, ਜਿੱਥੇ ਦਿਨ ਦਿਹਾੜੇ ਹੀ ਬਾਈਕ ‘ਤੇ ਆਏ ਬਦਮਾਸ਼ਾਂ ਵੱਲੋਂ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਭੈਣ-ਭਰਾ ਅਤੇ ਇੱਕ ਚਚੇਰੇ ਭਰਾ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜੋਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਇਸ ਘਟਨਾ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਵਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।
ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਪੋਸਟ ਕਰਦੇ ਹੋਏ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਮਾੜੀ ਹੈ। ਇਸ ਦੇ ਲਈ CM ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀ ਟਵੀਟ ਚ ਲਿਖਿਆ ਹੈ- ‘ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਮਾੜੀ ਹੈ। ਪਹਿਲਾਂ ਸੰਦੀਪ ਨੰਗਲਅੰਬੀਆਂ ਦਾ ਕਤਲ, ਗਾਇਕ ਸਿੱਧੂ ਮੂਸੇਵਾਲੇ ਦਾ ਕਤਲ, ਅੰਮ੍ਰਿਤਸਰ ਦੇ ਵਿੱਚ NRI ਦੇ ਘਰ ਵੜ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਗੰਭੀਰ ਜ਼ਖਮੀ ਕੀਤਾ ਅਤੇ ਇਸ ਤਰ੍ਹਾਂ ਦੇ ਅਨੇਕਾਂ ਮਾਮਲੇ ਰੋਜ਼ ਸੁਣਦੇ ਹਾਂ। ਅੱਜ ਫਿਰੋਜ਼ਪੁਰ ਵਿਖੇ ਨਕਾਬਪੋਸ਼ਾਂ ਨੇ ਇੱਕ ਪਰਿਵਾਰ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਜਿਸ ਵਿੱਚ ਦੋ ਲੜਕੇ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।”
CM ਮਾਨ ਤੋਂ ਮੰਗਿਆ ਅਸਤੀਫਾ
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਜੇਲਾਂ ਵਿੱਚ ਬੈਠੇ ਗੈਂਗਸਟਰਾਂ ਦੀਆਂ ਇੰਟਰਵਿਊ ਅਤੇ ਆਏ ਦਿਨ ਪੰਜਾਬ ਵਿੱਚ ਹਰ ਰੋਜ਼ ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ।ਮੁੱਖ ਮੰਤਰੀ ਜੀ ਆਪਣੀ ਸੁਰੱਖਿਆ ਲਈ ਤੇ ਤੁਸੀਂ 16 ਲੱਖ ਦਾ ਬੁਲੇਟ ਪਰੂਫ ਚੈਂਬਰ ਬਣਾ ਕੇ ਸੁਤੰਤਰਤਾ ਦਿਵਸ ਤੇ ਭਾਸ਼ਣ ਦਿੱਤਾ ਸੀ ਪਰ ਪੰਜਾਬ ਦੇ ਲੋਕਾਂ ਨੂੰ ਕਿਸ ਹਵਾਲੇ ਛੱਡਿਆ ਹੈ. ਜੇਕਰ ਤੁਹਾਡੇ ਲਈ ਬੁਲੇਟ ਪਰੂਫ ਚੈਂਬਰ ਬਣ ਸਕਦੇ ਹਨ ਤੇ ਕੀ ਇੱਕ ਆਮ ਨਾਗਰਿਕ ਦੀ ਪੁਲਿਸ ਸੁਰੱਖਿਆ ਨਹੀਂ ਕਰ ਸਕਦੀ. ਮੁੱਖ ਮੰਤਰੀ ਜੀ ਪੰਜਾਬ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲੋ ਜੇਕਰ ਨਹੀਂ ਸੰਭਲ ਰਹੀ ਤੇ ਅਸਤੀਫਾ ਦਿਓ”।